ਪੱਤਰ ਪ੍ਰੇਰਕ
ਫਰੀਦਾਬਾਦ, 3 ਜੁਲਾਈ
ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੈਕਟਰ-14 ਦੇ ਵਸਨੀਕ ਸੇਵਾਮੁਕਤ ਕਰਨਲ ਵੀਕੇ ਮਲਿਕ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਐਚਐੱਸਵੀਪੀ ਅਧਿਕਾਰੀਆਂ ਨੂੰ ਉਸ ਗੁਆਂਢੀ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਦੀ ਗਲਤੀ ਕਾਰਨ ਬਜ਼ੁਰਗ ਕਰਨਲ ਦੇ ਘਰ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਮਕਾਨ ਦੀ ‘ਐਨਓਸੀ’ ਦੇਣ ਵਾਲੇ ਅਧਿਕਾਰੀ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਐਤਵਾਰ ਨੂੰ ਸੈਕਟਰ-12 ਸਥਿਤ ਕਨਵੈਨਸ਼ਨ ਸੈਂਟਰ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਚੌਟਾਲਾ ਨੇ ਐਤਵਾਰ ਨੂੰ ਫਰੀਦਾਬਾਦ ਜ਼ਿਲ੍ਹੇ ਵਿੱਚ ਪ੍ਰਾਪਤ ਹੋਈਆਂ 19 ਸ਼ਿਕਾਇਤਾਂ ਵਿੱਚੋਂ 6 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ। ਉਨ੍ਹਾਂ ਸਖ਼ਤੀ ਦਿਖਾਈ ਤੇ ਬੀਪੀਟੀਪੀ ਅਧਿਕਾਰੀਆਂ ਨੂੰ ਪਲਾਟ ਹੋਲਡਰ ਔਰਤ ਦੀ ਸ਼ਿਕਾਇਤ ’ਤੇ 300 ਵਰਗ ਗਜ਼ ਦਾ ਪਲਾਟ ਦੇਣ ਦੀ ਹਦਾਇਤ ਕੀਤੀ। ਮਹਿਲਾ ਏਕਤਾ ਦੇਵੀ ਨੂੰ 260 ਵਰਗ ਗਜ਼ ਦੇ ਪਲਾਟ ਦੀ ਬਜਾਏ 225 ਵਰਗ ਗਜ਼ ਦਾ ਪਲਾਟ ਦਿੱਤਾ ਗਿਆ ਸੀ ਅਤੇ ਉਹ ਆਪਣੀ ਸ਼ਿਕਾਇਤ ਨੂੰ ਲੈ ਕੇ ਲੰਮੇ ਸਮੇਂ ਤੋਂ ਕੰਪਨੀ ਦੇ ਅਧਿਕਾਰੀਆਂ ਨਾਲ ਚੱਕਰ ਲਗਾ ਰਹੀ ਸੀ। ਮੀਟਿੰਗ ਵਿੱਚ ਉਨ੍ਹਾਂ ਨੇ ਬੀਪੀਟੀਪੀ/ਬੀਪੀਟੀਪੀ ਐਲੀਟ ਪ੍ਰੀਮੀਅਮ ਪ੍ਰਬੰਧਕਾਂ ਵਿਰੁੱਧ ਸਾਰੀਆਂ ਸ਼ਿਕਾਇਤਾਂ ਨੂੰ ਵੱਖਰੇ ਤੌਰ ’ਤੇ ਇੱਕ ਸ਼ਿਕਾਇਤ ਵਿੱਚ ਸ਼ਾਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਬੀ.ਪੀ.ਟੀ.ਪੀ ਵਿੱਚ 400 ਦੇ ਕਰੀਬ ਫਲੈਟ ਹੋਲਡਰਾਂ ਨੂੰ ਫਲੈਟਾਂ ਦੀ ਰਜਿਸਟਰੀ ਵਿੱਚ ਐਨ.ਓ.ਸੀ. ਦੀਆਂ ਸਮੱਸਿਆਵਾਂ ਨੂੰ ਪੂਰਾ ਕਰਨ ਲਈ ਇੱਕ ਮਹੀਨੇ ਦਾ ਸਮਾਂ ਵੀ ਦਿੱਤਾ। ਬਾਕੀ ਰਹਿੰਦੀਆਂ 11 ਸ਼ਿਕਾਇਤਾਂ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਕਮੇਟੀਆਂ ਬਣਾ ਕੇ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ।