ਪੱਤਰ ਪ੍ਰੇਰਕ
ਰਤੀਆ, 14 ਦਸੰਬਰ
ਐੱਫਸੀਆਈ ਹਰਿਆਣਾ ਦੀ ਟੀਮ ਨੇ ਏਜੀਐੱਮ ਕੁਆਲਟੀ ਸੁਸ਼ੀਲ ਸ਼ਰਮਾ ਦੀ ਅਗਵਾਈ ਵਿੱਚ ਰਤੀਆ ਖੇਤਰ ਦੇ ਵੱਖ-ਵੱਖ ਸ਼ੈੱਲਰਾਂ ਦੀ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਸ਼ੈੱਲਰਾਂ ਵਿੱਚ ਵੱਖ ਵੱਖ ਏਜੰਸੀਆਂ ਦੁਆਰਾ ਖਰੀਦ ਕੀਤੇ ਝੋਨੇ ਦੀ ਨਮੀ ਦੀ ਜਾਂਚ ਕੀਤੀ ਅਤੇ ਉਸ ਦੀ ਰਿਪੋਰਟ ਤਿਆਰ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸ਼ੈੱਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਜਿੰਦਲ ਵੀ ਹਾਜ਼ਰ ਸਨ। ਚੈਕਿੰਗ ਕਰਨ ਆਏ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਅਨਾਜ ਮੰਡੀ ਵਿੱਚੋਂ ਏਜੰਸੀਆਂ ਵਲੋਂ ਖਰੀਦ ਕੀਤੇ ਝੋਨੇ ਦੀ ਗੁਣਵੱਤਾ ਅਤੇ ਨਮੀ ਦੀ ਜਾਂਚ ਕੀਤੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਵਿੱਚੋਂ ਨਿਕਲਣ ਵਾਲੇ ਚੌਲਾਂ ਦੀ ਗੁਣਵੱਤਾ ਨੂੰ ਲੈ ਕੇ ਸਮੇਂ ਸਮੇਂ ’ਤੇ ਅਜਿਹੀ ਚੈਕਿੰਗ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਗੁਣਵੱਤਾ ਨੂੰ ਲੈ ਕੇ ਰਿਪੋਰਟ ਤਿਆਰ ਕੀਤੀ ਜਾਵੇਗੀ ਅਤੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।