ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਕਤੂਬਰ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਾਲ ਸੂਬੇ ਦੇ ਵਿਕਾਸ ਸਬੰਧੀ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਤੇ ਯੋਜਨਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹਰਿਆਣਾ ਤੇ ਕੇਂਦਰ ਦੀ ਡਬਲ ਇੰਜਣ ਸਰਕਾਰ ਸੂਬੇ ਦੇ ਵਿਕਾਸ ਦੀ ਗਤੀ ਵਿੱਚ ਹੋਰ ਤੇਜ਼ੀ ਲਿਆਵੇਗੀ। ਸੂਬੇ ਦਾ ਵਿਕਾਸ ‘ਨਾਨ-ਸਟਾਪ ਹਰਿਆਣਾ-ਵੱਧਦਾ ਹੋਇਆ ਹਰਿਆਣਾ’ ਮੁਹਿੰਮ ਤਹਿਤ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਤੀਜੀ ਵਾਰ ਬਣੀ ਸਰਕਾਰ ਸੂਬੇ ਨੂੰ ਵਿਕਾਸ ਦੀਆਂ ਨਵੀਂਆਂ ਉਚਾਈਆਂ ਤੱਕ ਲੈ ਕੇ ਜਾਵੇਗੀ। ਇਨ੍ਹਾਂ ਯੋਜਨਾਵਾਂ ਤਹਿਤ ਗੁਰੂਗ੍ਰਾਮ ਵਿੱਚ ਮੈਟਰੋ ਰੇਲ ਤੇ ਰੀਜਨਲ ਰੈਪਿਡ ਟਰਾਂਜਿਟ ਸਿਸਟਮ (ਆਰਆਰਟੀਐੱਸ) ਦਾ ਵਿਸਤਾਰ ਕੀਤਾ ਜਾਵੇਗਾ। ਇਸੇ ਤਰ੍ਹਾਂ ਸਰਾਏ ਕਾਲੇ ਖਾਂ ਤੋਂ ਪਾਣੀਪਤ ਤਕ ਜਾਣ ਵਾਲੀ ਆਰਆਰਟੀਐੱਸ ਯੋਜਨਾ ਨੂੰ ਕਰਨਾਲ ਤਕ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਜਿਸ ਦੇ ਪੂਰਾ ਹੋਣ ਮਗਰੋਂ ਲੋਕਾਂ ਨੂੰ ਆਵਾਜਾਈ ਜਾਮ ਤੋਂ ਨਿਜਾਤ ਮਿਲੇਗੀ।
ਸ੍ਰੀ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਮੁਹਿੰਮ ਦੀ ਸ਼ੁਰੂਆਤ ਹਰਿਆਣਾ ਦੇ ਪਾਨੀਪਤ ਤੋਂ ਕੀਤੀ ਸੀ। ਪਿਛਲੇ ਦਸ ਸਾਲਾਂ ਵਿਚ ਮੌਜੂਦਾ ਮੋਦੀ ਸਰਕਾਰ ਨੇ ਮਹਿਲਾਵਾਂ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਇਸ ਲੜੀ ਵਿੱਚ ਕੇਂਦਰ ਦੀ ਮੋਦੀ ਸਰਕਾਰ ਨੇ ਮਹਿਲਾ ਰਾਖਵਾਂ ਬਿੱਲ ਪਾਸ ਕਰ ਕੇ ਔਰਤਾਂ ਦਾ ਹੋਰ ਸਸ਼ਕਤੀਕਰਨ ਕੀਤਾ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਜਿੱਥੇ ਔਰਤਾਂ ਵਿਧਾਨ ਸਭਾ ਵਿਚ ਆਪਣੀ ਮੌਜੂਦਗੀ ਵੱਧ ਮਜ਼ਬੂਤੀ ਨਾਲ ਦਰਜ ਕਰਵਾਉਣਗੀਆਂ ਉੱਥੇ ਵਿਕਾਸ ਦੀ ਗਤੀ ਵਿਚ ਵੀ ਉਨ੍ਹਾਂ ਦੀ ਅਹਿਮ ਭਾਗੀਦਾਰੀ ਰਹੇਗੀ।
ਮਿਜ਼ੋਰਮ ਦੇ ਮੁੱਖ ਮੰਤਰੀ ਵੱਲੋਂ ਮੋਦੀ ਨਾਲ ਮੁਲਾਕਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ਨਿੱਚਰਵਾਰ ਨੂੰ ਇੱਥੇ ਮਿਜ਼ੋਰਮ ਦੇ ਮੁੱਖ ਮੰਤਰੀ ਲਾਲ ਦੂਹੋਮਾ ਨੇ ਮੁਲਾਕਾਤ ਕੀਤੀ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਪਾਈ ਇਕ ਪੋਸਟ ਰਾਹੀਂ ਦਿੱਤੀ ਹੈ। ਇਸ ਪੋਸਟ ਵਿੱਚ ਕਿਹਾ ਗਿਆ ਹੈ, ‘ਮਿਜ਼ੋਰਮ ਦੇ ਮੁੱਖ ਮੰਤਰੀ ਲਾਲ ਦੂਹੋਮਾ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ।’’ -ਏਐੱਨਆਈ