ਗੀਤਾਂਜਲੀ ਗਾਇਤਰੀ
ਚੰਡੀਗੜ੍ਹ, 1 ਅਕਤੂਬਰ
Parole to dera chief Gurmeet Ram Rahim: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਜਬਰ ਜਨਾਹ ਤੇ ਕਤਲ ਦੇ ਦੋਸ਼ ਤਹਿਤ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰੀਮਤ ਰਾਮ ਰਹੀਮ ਦੀ 20 ਦਿਨਾਂ ਲਈ ਪੈਰੋਲ ਉਤੇ ਰਿਹਾਈ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਅਰਜ਼ੀ ਅਗਲੀ ਕਾਰਵਾਈ ਲਈ ਰੋਹਤਕ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਡੇਰਾ ਸਿਰਸਾ ਮੁਖੀ ਦੀ ਪੈਰੋਲ ਉਤੇ ਰਿਹਾਈ ਦੀ ਅਰਜ਼ੀ ਮਨਜ਼ੂਰ ਕਰ ਕੇ ਜੇਲ੍ਹ ਵਿਭਾਗ ਨੂੰ ਭੇਜ ਦਿੱਤੀ ਹੈ, ਜਿਸ ਨੇ ਇਸ ਨੂੰ ਅਗਾਂਹ ਡਿਵੀਜ਼ਨਲ ਕਮਿਸ਼ਨਰ ਨੂੰ ਭੇਜ ਦਿੱਤਾ ਹੈ।
ਉਸ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਲੋੜੀਂਦੀ ਮਨਜ਼ੂਰੀ ਮਿਲਣ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਡੇਰਾ ਮੁਖੀ ਨੇ ਆਪਣੀ ਪੈਰੋਲ ਦੌਰਾਨ ਬਾਗਪਤ ਜ਼ਿਲ੍ਹੇ ਵਿਚਲੇ ਡੇਰੇ ਵਿਚ ਰਹਿਣਾ ਹੈ।
ਦੱਸਣਯੋਗ ਹੈ ਕਿ ਚੋਣ ਕਮਿਸ਼ਨਰ ਨੇ ਹਰਿਆਣਾ ਵਿਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਨੂੰ ਡੇਰਾ ਮੁਖੀ ਦੀ ਪੈਰੋਲ ਅਰਜ਼ੀ ਉਤੇ ‘ਗ਼ੌਰ ਕਰਨ’ ਦੀ ਸੋਮਵਾਰ ਨੂੰ ਇਜਾਜ਼ਤ ਦੇ ਦਿੱਤੀ ਸੀ। ਡੇਰਾ ਮੁਖੀ ਨੂੰ 2017 ਵਿਚ ਬਲਾਤਕਾਰ ਤੇ ਕਤਲ ਦਾ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਇਹ 11ਵੀਂ ਵਾਰ ਹੈ ਜਦੋਂ ਸਰਕਾਰ ਨੇ ਉਸ ਨੂੰ ਪੈਰੋਲ ਜਾਂ ਫਰਲੋ ਉਤੇ ਰਿਹਾਅ ਕੀਤਾ ਹੈ। ਇਸ ਸਜ਼ਾ ਤਹਿਤ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਹੈ।