ਮਹਾਂਵੀਰ ਮਿੱਤਲ
ਜੀਂਦ, 19 ਜੂਨ
ਇੱਥੇ ਨਵੀਂ ਅਨਾਜ ਮੰਡੀ ਵਿੱਚ ਅੱਜ ਸੂਬਾ ਭਰ ਦੇ ਰਜਿਸਟਰਡ ਮਜ਼ਦੂਰਾਂ ਦੇ ਸਨਮਾਨ ਵਿੱਚ ਮਜ਼ਦੂਰ ਜਾਗਰੂਕਤਾ ਅਤੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਹਰਿਆਣਾ ਦੇ ਉਦਯੋਗ ਅਤੇ ਮਜ਼ਦੂਰ ਮੰਤਰੀ ਮੂਲ ਚੰਦ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਦੌਰਾਨ ਮਜ਼ਦੂਰਾਂ ਨੂੰ ਜਾਗਰੂਕ ਕਰਨ ਲਈ ਇੱਕ ਪ੍ਰਦਰਸ਼ਨੀ ਵੀ ਲਾਈ ਗਈ।
ਅੱਜ ਦੇ ਸਮਾਗਮ ਵਿੱਚ ਮੁੱਖ ਮੰਤਰੀ ਨੇ 18 ਯੋਜਨਾਵਾਂ ਤਹਿਤ 1,02,629 ਮਜ਼ਦੂਰਾਂ ਨੂੰ 79.69 ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਪਾਏ। ਨਾਲ ਹੀ ਮੁੱਖ ਮੰਤਰੀ ਨੇ ਵੱਖ-ਵੱਖ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਚੈੱਕ ਵੰਡੇ ਤੇ ਲੜਕੀਆਂ ਨੂੰ ਇਲੈਕਟ੍ਰਿਕ ਸਕੂਟੀਆਂ ਦੀਆਂ ਚਾਬੀਆਂ ਸੌਂਪੀਆਂ। ਇਸ ਦੌਰਾਨ ਉਨ੍ਹਾਂ ਕੰਨਿਆਦਾਨ ਤੇ ਵਿਆਹ ਸਹਾਇਤਾ ਯੋਜਨਾ ਦੀ ਸ਼ੁਰੂਆਤ ਕੀਤੀ ਜਿਸ ਤਹਿਤ ਮਜ਼ਦੂਰਾਂ ਦੀਆਂ ਲੜਕੀਆਂ ਨੂੰ ਵਿਆਹ ਲਈ ਇੱਕ ਲੱਖ ਰੁਪਏ ਦਿੱਤੇ ਜਾਣਗੇ। ਇਸ ’ਚੋਂ 75 ਫੀਸਦ ਰਾਸ਼ੀ ਵਿਆਹ ਤੋਂ ਤਿੰਨ ਦਿਨ ਪਹਿਲਾਂ ਮਿਲੇਗੀ। ਇਸੇ ਤਰ੍ਹਾਂ ਉਨ੍ਹਾਂ ਤੀਰਥ ਯਾਤਰਾ ਬੱਸ ਵੀ ਰਵਾਨਾ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸੈਣੀ ਨੇ ਵਿਰੋਧੀ ਧਿਰ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਆਖ ਰਹੇ ਹਨ ਕਿ ਜਦੋਂ ਉਹ ਸੱਤਾ ਵਿੱਚ ਆਏ ਤਾਂ ਉਹ ਸਰਕਾਰੀ ਪੋਰਟਲ ਬੰਦ ਕਰ ਦੇਣਗੇ। ਉਨ੍ਹਾਂ ਦੇ ਇਸ ਬਿਆਨ ’ਚੋਂ ਭ੍ਰਿਸ਼ਟਾਚਾਰ ਨਜ਼ਰ ਆਉਂਦਾ ਹੈ ਕਿਉਂਕਿ ਜਦੋਂ ਕਾਂਗਰਸ ਦੀ ਸਰਕਾਰ ਸੀ, ਉਦੋਂ ਮਜ਼ਦੂਰਾਂ ਨੂੰ ਇਹ ਲਾਭ ਨਹੀਂ ਮਿਲਦਾ ਸੀ ਪਰ ਭਾਜਪਾ ਸਰਕਾਰ ਨੇ ਹਰ ਵਰਗ ਲਈ ਪੋਰਟਲ ਬਣਾ ਕੇ ਸਾਰਿਆਂ ਨੂੰ ਲਾਭ ਪਹੁੰਚਾਇਆ ਹੈ। ਕਾਂਗਰਸ ਸਰਕਾਰ ਨੇ ਲੋਕਾਂ ਨੂੰ ਪਲਾਟ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਨਾ ਤਾਂ ਪਲਾਟਾਂ ’ਤੇ ਕਬਜ਼ਾ ਦਿੱਤਾ ਤੇ ਨਾ ਹੀ ਕੋਈ ਕਾਗਜ਼ ਦਿੱਤਾ।
ਇਸ ਮੌਕੇ ਉਦਯੋਗ ਅਤੇ ਮਜ਼ਦੂਰ ਮੰਤਰੀ ਮੂਲ ਚੰਦ ਸ਼ਰਮਾ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਇਸ ਇਤਿਹਾਸਕ ਦਿਨ ’ਤੇ ਮੁੱਖ ਮੰਤਰੀ ਨੇ ਵੱਡੀ ਗਿਣਤੀ ਮਜ਼ਦੂਰਾਂ ਨੂੰ ਵੱਖ-ਵੱਖ ਯੋਜਨਾਵਾਂ ਦਾ ਲਾਭ ਦਿੱਤਾ ਹੈ। ਹਰਿਆਣਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਸੂਬਾ ਹੈ। ਮਜ਼ਦੂਰਾਂ ਸਦਕਾ ਹੀ ਅੱਜ ਸੁੂਈ ਤੋਂ ਲੈ ਕੇ ਹਵਾਈ ਜਹਾਜ਼ ਦੇ ਪੁਰਜ਼ੇ ਬਣਾਉਣ ਦਾ ਕੰਮ ਹੋ ਰਿਹਾ ਹੈ। ਹਰਿਆਣਾ ਨੂੰ ਬੁਲੰਦੀਆਂ ਤੱਕ ਲਿਜਾਣ ’ਚ ਮਜ਼ਦੂਰਾਂ ਦਾ ਅਹਿਮ ਯੋਗਦਾਨ ਹੈ।