ਨਿਜੀ ਪੱਤਰ ਪ੍ਰੇਰਕ
ਅੰਬਾਲਾ, 30 ਸਤੰਬਰ
ਮੁੱਖ ਮੰਤਰੀ ਦੇ ਉੱਡਣ ਦਸਤੇ ਨੇ ਅੱਜ ਸਵੇਰੇ ਸਾਢੇ 9 ਵਜੇ ਅੰਬਾਲਾ ਨਗਰ ਨਿਗਮ ਦੇ ਦਫ਼ਤਰ ਵਿਚ ਛਾਪਾ ਮਾਰਿਆ ਅਤੇ 6 ਘੰਟੇ ਰਿਕਾਰਡ ਖੰਘਾਲਿਆ। ਉਡਣ ਦਸਤੇ ਦੇ ਛਾਪੇ ਦੀ ਭਿਣਕ ਪੈਂਦਿਆਂ ਹੀ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਚ ਹਲਚਲ ਮਚ ਗਈ। ਟੀਮ ਨੇ ਸਵੇਰ ਤੋਂ ਦੁਪਹਿਰ ਤੱਕ ਟੈਕਸ, ਐਨਡੀਸੀ, ਇੰਜਨੀਅਰਿੰਗ ਬਰਾਂਚ, ਐਮਈ ਬਰਾਂਚ, ਸੈਨੀਟੇਸ਼ਨ ਬਰਾਂਚ, ਜਨਮ-ਮੌਤ ਬਰਾਂਚ ਅਤੇ ਲਾਈਟ ਬਰਾਂਚ ਸਮੇਤ ਹੋਰ ਬਰਾਂਚਾਂ ਦੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਕਈ ਸ਼ੱਕੀ ਫਾਈਲਾਂ ਕਬਜ਼ੇ ਵਿਚ ਲੈ ਲਈਆਂ। ਛਾਪਾ ਮਾਰਨ ਸਮੇਂ ਟੀਮ ਨੂੰ ਕਈ ਅਧਿਕਾਰੀ ਅਤੇ ਕਰਮਚਾਰੀ ਗ਼ੈਰਹਾਜ਼ਰ ਮਿਲੇ ਜਿਸ ਕਰਕੇ ਟੀਮ ਨੇ ਹਾਜ਼ਰੀ ਸਬੰਧੀ ਰਿਕਾਰਡ ਵੀ ਕਬਜ਼ੇ ਵਿਚ ਲੈ ਲਿਆ। ਟੀਮ ਦੇ ਇੰਸਪੈਕਟਰ ਸਤਪਾਲ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਰੇਡ ਕੀਤੀ ਗਈ ਹੈ। ਕੁਝ ਫਾਈਲਾਂ ਡਾਊਟਫੁਲ ਮਿਲੀਆਂ ਹਨ ਜੋ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ। ਫਾਈਲਾਂ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਰਿਪੋਰਟ ਮੁੱਖ ਮੰਤਰੀ ਨੂੰ ਭੇਜੀ ਜਾਵੇਗੀ। ਮਾਣਕਪੁਰ ਪਿੰਡ ਦੇ ਉਂਕਾਰ ਸਿੰਘ ਨੇ ਟੀਮ ਦੇ ਸਾਹਮਣੇ ਆਪਣੀ ਸਮੱਸਿਆ ਰੱਖਦਿਆਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਮਿਊਟੇਸ਼ਨ ਲਈ ਬਾਰ ਬਾਰ ਚੱਕਰ ਕਟਵਾ ਰਹੇ ਹਨ। ਦੱਸਣਯੋਗ ਹੈ ਕਿ ਨਿਗਮ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਦੇ ਆ ਰਹੇ ਹਨ।