ਪੱਤਰ ਪ੍ਰੇਰਕ
ਰਤੀਆ, 29 ਦਸੰਬਰ
ਰਤੀਆ ਦੀ ਅਨਾਜ ਮੰਡੀ ਵਿੱਚ ਬਾਜ਼ੀਗਰ ਸਮਾਜ ਦੀਆਂ ਔਰਤਾਂ ਵੱਲੋਂ ਝੋਨਾ ਖ਼ਰੀਦ ਕਰਨ ਨੂੰ ਲੈ ਕੇ ਪੱਲੇਦਾਰਾਂ ਨਾਲ ਚੱਲ ਰਿਹਾ ਵਿਵਾਦ ਅੱਜ ਇੱਕ ਵਾਰ ਫੇਰ ਭੜਕ ਗਿਆ ਜਦੋਂ ਝੋਨਾ ਖ਼ਰੀਦਣ ਆਈਆਂ ਬਾਜ਼ੀਗਰ ਸਮਾਜ ਦੀਆਂ ਔਰਤਾਂ ਨਾਲ ਪੱਲੇਦਾਰ ਵਰਗ ਦੀਆਂ ਔਰਤਾਂ ਨੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ। ਪੱਲੇਦਾਰਾਂ ਨੇ ਉਨ੍ਹਾਂ ਨੂੰ ਮੰਡੀ ਵਿੱਚੋਂ ਭਜਾ ਦਿੱਤਾ, ਜਿਸ ਦੌਰਾਨ ਕੁੱਟਮਾਰ ਵਿੱਚ 3 ਔਰਤਾਂ ਜਖਮੀ ਹੋ ਗਈਆਂ। ਸ਼ਹਿਰੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਨਾਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਜਖਮੀ ਔਰਤਾਂ ਨੂੰ ਹਸਪਤਾਲ ਦਾਖਲ ਕਰਵਾਇਆ। ਇਸ ਘਟਨਾ ਨਾਲ ਮੰਡੀ ਵਿੱਚ ਮਾਹੌਲ ਤਨਾਅਪੂਰਨ ਹੋ ਗਿਆ ਅਤੇ ਜ਼ਿਆਦਾ ਪੁਲੀਸ ਬਲ ਤੈਨਾਤ ਕਰਕੇ ਸਥਿਤੀ ਸੰਭਾਲੀ। ਜਾਣਕਾਰੀ ਅਨੁਸਾਰ ਮੰਡੀ ਵਿੱਚ ਝੋਨਾ ਚੋਰੀ ਕਰਨ ਦੀਆਂ ਘਟਨਾਵਾਂ ਵਧਣ ਲੱਗੀਆਂ ਸਨ ਜਿਸ ਕਾਰਨ ਪੱਲੇਦਾਰਾਂ ਨੇ ਕਿਹਾ ਕਿ ਦਿਨ ਵਿੱਚ ਝੋਨਾ ਖਰੀਦਣ ਵਾਲੀਆਂ ਔਰਤਾਂ ਹੀ ਰਾਤ ਨੂੰ ਕਥਿਤ ਤੌਰ ’ਤੇ ਝੋਨਾ ਚੋਰੀ ਕਰਦੀਆਂ ਹਨ। ਇਸ ਕਾਰਨ ਕਿਸਾਨਾਂ-ਮਜ਼ਦੂਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ।