ਜੀਂਦ (ਪੱਤਰ ਪ੍ਰੇਰਕ): ਇੱਥੇ ਨੈਸ਼ਨਲ ਹਾਈਵੇ ਨੰਬਰ 152 ਡੀ ’ਤੇ ਇੱਕ ਕਾਰ ਦੀ ਕੈਂਟਰ ਨਾਲ ਟੱਕਰ ਕਾਰਨ ਕਾਰ ਚਾਲਕ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀਂ ਹੋਏ ਹਨ। ਜ਼ਖ਼ਮੀਆਂ ਵਿੱਚ ਭਾਜਪਾ ਦਾ ਇੱਕ ਆਗੂ ਵੀ ਸ਼ਾਮਲ ਹੈ। ਜਾਣਕਾਰੀ ਦੇ ਅਨੁਸਾਰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਾਜਗੜ੍ਹ ਤਹਿਤ ਪੈਂਦੇ ਪਿੰਡ ਦੇਵਰਾ ਵਾਸੀ ਭਾਜਪਾ ਨੇਤਾ ਸੁਰਿੰਦਰ ਸਿਸੋਦੀਆ ਆਪਣੇ ਤਿੰਨ ਦੋਸਤਾਂ ਡਾ. ਗੁੰਜਨ, ਦੀਪੇਸ਼ ਅਤੇ ਰੂਪ ਸਿੰਘ ਨਾਲ ਕਾਰ ਵਿੱਚ ਮੱਧ ਪ੍ਰਦੇਸ਼ ਤੋਂ ਮਾਤਾ ਵੈਸ਼ਨੋ ਦੇਵੀ ਅਤੇ ਜੰਮੂ ਕਸ਼ਮੀਰ ਘੁੰਮਣ ਲਈ ਜਾ ਰਹੇ ਸੀ। ਗੱਡੀ ਨੂੰ ਜਫਰ ਅੰਸਾਰੀ ਚਲਾ ਰਿਹਾ ਸੀ। ਜਦੋਂ ਉਹ ਨੈਸ਼ਨਲ ਹਾਈਵੇ 152 ਡੀ ’ਤੇ ਜੀਂਦ ਦੇ ਪਿੱਲੂਖੇੜਾ ਦੇ ਨੇੜੇ ਪਹੁੰਚੇ ਤਾਂ ਅਚਾਨਕ ਹੀ ਉਨ੍ਹਾਂ ਦੀ ਕਾਰ ਦੀ ਟੱਕਰ ਅੱਗੇ ਜਾ ਰਹੇ ਕੈਂਟਰ ਨਾਲ ਹੋ ਗਈ। ਹਾਦਸੇ ਵਿੱਚ ਕਾਰ ਚਾਲਕ ਜਫਰ ਅੰਸਾਰੀ ਅਤੇ ਦੀਪੇਸ਼ ਦੀ ਮੌਤ ਹੋ ਗਈ ਜਦਕਿ ਭਾਜਪਾ ਆਗੂ ਸੁਰਿੰਦਰ ਸਿਸੋਦੀਆ, ਡਾ ਗੁੰਜਨ ਅਤੇ ਰੂਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ।