ਕੁਲਦੀਪ ਸਿੰਘ
ਨਵੀਂ ਦਿੱਲੀ, 9 ਦਸੰਬਰ
ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਨਵਨਿਯੁਕਤ ਮੈਂਬਰ ਅਜੀਤਪਾਲ ਸਿੰਘ ਬਿੰਦਰਾ ਨੇ ਅੱਜ ਇੱਥੇ ਕਿਹਾ ਕਿ ਕਮਿਸ਼ਨ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸਿੱਖਾਂ ਦੇ ਹੱਕਾਂ ’ਤੇ ਪੂਰੀ ਤਨਦੇਹੀ ਨਾਲ ਪਹਿਰਾ ਦੇਵੇਗਾ। ਦਿੱਲੀ ਦੇ ਕਿਸੇ ਵੀ ਕੋਨੇ ਵਿੱਚ ਸਿੱਖਾਂ ਨਾਲ ਹੋਣ ਵਾਲੀ ਵਧੀਕੀ ਦਾ ਕਮਿਸ਼ਨ ਵੱਲੋਂ ਸਖ਼ਤ ਨੋਟਿਸ ਲਿਆ ਜਾਵੇਗਾ। ਇਸ ਦੇ ਨਾਲ ਹੀ ਸ੍ਰੀ ਬਿੰਦਰਾ ਨੇ ਇਹ ਵੀ ਕਿਹਾ ਕਿ ਮੁਕਾਬਲੇ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਅੰਮ੍ਰਿਤਧਾਰੀ ਸਿੱਖ ਵਿਦਿਆਰਥੀਆਂ ਦੇ ਕਕਾਰਾਂ ਦੀ ਮਾਣ ਮਰਿਆਦਾ ਦਾ ਵੀ ਕਮਿਸ਼ਨ ਪੂਰਾ ਧਿਆਨ ਰੱਖੇਗਾ। ਉਨ੍ਹਾਂ ਅਨੁਸਾਰ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਦਿੱਲੀ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਸਿੱਖ ਕਕਾਰਾਂ ਬਾਰੇ ਘਟਨਾਵਾਂ ਵਾਪਰੀਆਂ ਸਨ ਉਸ ਨੂੰ ਨੇੜਲੇ ਭਵਿੱਖ ਵਿੱਚ ਫਿਰ ਤੋਂ ਨਹੀਂ ਵਾਪਰਨ ਦਿੱਤਾ ਜਾਵੇਗਾ। ਸ੍ਰੀ ਬਿੰਦਰਾ ਨੇ ਅਗੇ ਕਿਹਾ ਦਿੱਲੀ ਦਾ ਕੋਈ ਸਿੱਖ ਉਨ੍ਹਾਂ ਨਾਲ ਦਫ਼ਤਰ ਵਿੱਚ ਦੁਪਹਿਰ ਬਾਅਦ ਆ ਕੇ ਮਿਲ ਸਕਦਾ ਹੈ। ਜੇਕਰ ਉਹ ਦਫ਼ਤਰ ਵਿੱਚ ਨਾ ਆਉਣਾ ਚਾਹੇ ਤਾਂ ਆਪਣੇ ਨਾਲ ਹੁੰਦੇ ਧੱਕੇ ਬਾਰੇ ਉਹ ਕਮਿਸ਼ਨ ਨੂੰ ਪੰਜਾਬੀ ਵਿੱਚ ਲਿਖਤੀ ਰੂਪ ਅੰਦਰ ਵੀ ਭੇਜ ਸਕਦਾ ਹੈ।ਸਿੱਖ ਸੰਗਤ ਵੱਲੋਂ ਇਸ ਨਿਯੁਕਤੀ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਨੌਜਵਾਨ ਸਿੱਖ ਮੈਂਬਰ ਨੂੰ ਕਮਿਸ਼ਨ ਵਿੱਚ ਲਿਆ ਕੇ ਸਿੱਖ ਭਾਈਚਾਰੇ ਲਈ ਦੀ ਉਮੀਦਾਂ ਨੂੰ ਬੂਰ ਪਾਇਆ ਹੈ।