ਪੱਤਰ ਪ੍ਰੇਰਕ
ਟੋਹਾਣਾ, 20 ਜੁਲਾਈ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 13 ਜੁਲਾਈ ਦੀ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਪ੍ਰਧਾਨਗੀ ਤੋਂ ਦਿੱਤੇ ਅਸਤੀਫ਼ੇ ਮਗਰੋਂ ਮੈਂਬਰਾਂ ਦੀ ਸਰਬਸੰਮਤੀ ਨਾਲ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਹਰਿਆਣਾ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਐਲਾਨੇ ਜਾਣ ਦੇ ਹਫ਼ਤੇ ਮਗਰੋਂ ਝੀਂਡਾ ਵੱਲੋਂ ਸੰਤ ਦਾਦੂਵਾਲ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰਨ ’ਤੇ ਸੂਬੇ ਦੀ ਕਮੇਟੀ ਦੇ ਮੈਂਬਰਾਂ ਨੇ ਝੀਂਡਾ ਦੇ ਬਿਆਨ ’ਤੇ ਹੈਰਾਨੀ ਪ੍ਰਗਟਾਈ ਹੈ। ਕਮੇਟੀ ਮੈਂਬਰਾਂ ਨੇ ਸੂਬੇ ਦੀਆਂ ਸਿੱਖ ਸੰਗਤਾਂ ਅੱਗੇ ਆਪਣਾ ਪੱਖ ਪੇਸ਼ ਕੀਤਾ, ਜਿਸ ਵਿੱਚ ਕਿਹਾ ਕਿ 13 ਜੁਲਾਈ ਨੂੰ ਚੀਕਾ ਦੇ ਗੁਰਦੁਆਰਾ ਵਿੱਚ ਮੀਟਿੰਗ ਹੋਈ ਸੀ, ਜਿਸ ਦੀ ਕਾਰਵਾਈ ਦੀ ਤਸਦੀਕ ਸਕੱਤਰ ਦਰਸ਼ਨ ਸਿੰਘ ਬਰਗਾੜੀ ਨੇ ਕੀਤੀ ਸੀ। ਕਮੇਟੀ ਮੈਂਬਰ ਚੰਨਦੀਪ ਸਿੰਘ ਖੁਰਾਣਾ, ਦੀਦਾਰ ਸਿੰਘ ਨਲਵੀ, ਅਮਰਿੰਦਰ ਸਿੰਘ ਅਰੋੜਾ, ਜਸਵੀਰ ਸਿੰਘ ਭਾਟੀ, ਮੋਹਨਜੀਤ ਸਿੰਘ ਪਾਣੀਪਤ, ਕਰਨੈਲ ਸਿੰਘ ਨਿਮਨਾਬਾਦ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਸੰਤ ਦਾਦੂਵਾਲ ਦੀਆਂ ਪੰਥਕ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਜਕਾਰਨੀ ਪ੍ਰਧਾਨ ਬਣਾਇਆ ਗਿਆ ਸੀ ਤੇ ਕਾਰਵਾਈ ਦੌਰਾਨ ਜਗਦੀਸ਼ ਸਿੰਘ ਝੀਂਂਡਾ ਨੇ ਦਸਖ਼ਤ ਵੀ ਕੀਤੇ ਸਨ। ਉਨ੍ਹਾਂ ਕਿਹਾ ਕਿ ਇਕ ਹਫ਼ਤੇ ਪਹਿਲਾਂ ਝੀਂਡਾ ਵੱਲੋਂ ਸੰਤ ਦਾਦੂਵਾਲ ਨੂੰ ਪ੍ਰਧਾਨ ਨਾ ਮੰਨਣ ਦਾ ਬਿਆਨ ਜਾਰੀ ਕਰਨਾ ਸਿਆਸਤ ਤੋਂ ਪ੍ਰੇਰਿਤ ਨਜ਼ਰ ਆ ਰਿਹਾ ਹੈ। ਮੈਂਬਰਾਂ ਨੇ ਕਿਹਾ ਕਿ ਸੂਬੇ ਵਿੱਚ ਸਿੱਖ ਲਹਿਰ ਉਸਾਰਨ ਲਈ ਹਾਊਸ ਨੇ ਸੰਤ ਦਾਦੂਵਾਲ ਨੂੰ ਪ੍ਰਧਾਨ ਬਣਾਇਆ ਸੀ ਤੇ ਝੀਂਡਾ ਵੱਲੋਂ ਬਿਆਨ ਬਦਲਣਾ ਹਾਊਸ ਤੇ ਸਿੱਖ ਸਮਾਜ ਦੀ ਤੌਹੀਨ ਹੈ। ਇਸ ਦੌਰਾਨ ਮੈਂਬਰਾਂ ਨੇ ਦਾਅਵਾ ਕੀਤਾ ਕਿ ਇਸ ਸਬੰਧੀ 13 ਅਗਸਤ ਨੂੰ ਕਾਰਜਕਾਰਨੀ ਦਾ ਗਠਨ ਕੀਤਾ ਜਾਵੇਗਾ।