ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 27 ਜਨਵਰੀ
ਇਥੋਂ ਦੇ ਮੁੱਖ ਬਾਜ਼ਾਰ ਵਿੱਚ ਸਥਿਤ ਖੰਡਾ ਚੌਕ ’ਚ ਇੱਕ ਪ੍ਰਦਰਸ਼ਨ ਦੌਰਾਨ ਸਿੱਖ ਪੰਥ ਦੇ ਸਨਮਾਨਿਤ ਨਿਸ਼ਾਨ ਖੰਡਾ ਨੂੰ ਅੱਗ ਦੀ ਭੇਟ ਕਰਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਸਬੰਧੀ ਖੇਤਰ ਦੀਆਂ ਸਿੱਖ ਜਥੇਬੰਦੀਆਂ ਨੇ ਪੁਲੀਸ ਥਾਣੇ ਵਿੱਚ ਇੱਕ ਸ਼ਿਕਾਇਤ ਦੇ ਕੇ ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਗੁਰਦੁਆਰਾ ਰਾਤਗੜ੍ਹ ਸਾਹਿਬ ਦੇ ਸਕੱਤਰ ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਉਹ ਨਰਾਇਣਗੜ੍ਹ ਵਿੱਚ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਰਹਿ ਰਹੇ ਹਨ ਅਤੇ ਸਾਰੇ ਧਰਮਾਂ ਦਾ ਪੂਰਾ ਆਦਰ ਸਤਿਕਾਰ ਤੇ ਸੇਵਾ ਕਰਦੇ ਹਨ। ਉਨ੍ਹਾਂ ਦਾ ਕਹਿਣਾ ਕਿ ਬੀਤੇ ਦਿਨ ਕੁਝ ਸ਼ਰਾਰਤੀ ਜਣਿਆਂ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ, ਜਿਸ ਦੀ ਉਹ ਸਾਰੇ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਨ।