ਦਵਿੰਦਰ ਸਿੰਘ
ਯਮੁਨਾਨਗਰ, 26 ਅਕਤੂਬਰ
ਹਫਤਾਵਾਰੀ ਅਖਬਾਰ ਦੇ ਸੰਪਾਦਕ ਅਸ਼ੋਕ ਭਾਂਬਰੀ ’ਤੇ ਹੋਏ ਜਾਨਲੇਵਾ ਹਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਪੱਤਰਕਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਸੌਂਪਿਆ ਅਤੇ ਹਮਲਾਵਰਾਂ ਦੀ ਜਲਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਅੱਜ ਦਰਜਨਾਂ ਪੱਤਰਕਾਰਾਂ ਨੇ ਸੰਪਾਦਕ ’ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇੰਡੀਅਨ ਮੀਡੀਆ ਸੈਂਟਰ ਦੇ ਸੂਬਾ ਪ੍ਰਧਾਨ ਵਰਿੰਦਰ ਤਿਆਗੀ ਨੇ ਕਿਹਾ ਕਿ ਇਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹਮਲਾਵਰ ਸੰਪਾਦਕ ਨੂੰ ਅਧਮਰਾ ਕਰਨ ਦੇ ਇਰਾਦੇ ਨਾਲ ਆਏ ਸਨ ਅਤੇ ਉਹ ਇਸ ਵਿੱਚ ਕਿਸੇ ਹਦ ਤੱਕ ਸਫ਼ਲ ਵੀ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਇਸ ਘਟਨਾ ਨੂੰ ਹੋਏ ਤਿੰਨ ਦਿਨ ਹੋ ਗਏ ਪਰ ਪੁਲੀਸ ਨੇ ਮੁਲਜ਼ਮਾਂ ਦੀ ਗ੍ਰਿ੍ਰ਼ਤਾਰੀ ਨਹੀਂ ਕੀਤੀ ਜਿਸ ਕਰਕੇ ਪੱਤਰਕਾਰਾਂ ਵਿੱਚ ਭਾਰੀ ਰੋਸ ਹੈ । ਉਨ੍ਹਾਂ ਨੇ ਸੰਪਾਦਕ ਦੇ ਇਲਾਜ ਦਾ ਸਾਰਾ ਖਰਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਦੀ ਮੰਗ ਕੀਤੀ। ਡੀਸੀ ਮੁਕੁਲ ਕੁਮਾਰ ਨੇ ਪੁਲੀਸ ਸੁਪਰਡੈਂਟ ਨਾਲ ਗੱਲਬਾਤ ਕਰਕੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਅਵਤਾਰ ਚੁੱਘ, ਅਰਵਿੰਦ ਸ਼ਰਮਾ, ਤਿਲਕ ਸ਼ਰਮਾ, ਦੇਵਿੰਦਰ ਮਹਿਤਾ, ਸਰਵਜੀਤ, ਪਰਦੀਪ ਸ਼ਰਮਾ, ਉਦੇਭਾਨ ਸਿੰਘ, ਵਿਨੋਦ ਧੀਮਾਨ, ਸੁਸ਼ੀਲ ਪੰਡਿਤ, ਚੰਦਰ ਪਰਕਾਸ਼, ਵਿੱਕੀ ਸ਼ਰਮਾ, ਰਜਨੀ ਸੋਨੀ ਆਦਿ ਪੱਤਰਕਾਰ ਮੌਜੂਦ ਸਨ।