ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਸਤੰਬਰ
ਆਰੀਆ ਕੰਨਿਆ ਕਾਲਜ ਦੇ ਆਡੀਟੋਰੀਅਮ ਵਿੱਚ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ ਨਿਊਜ਼ ਪੇਪਰ ਡਰੈੱਸ ਪ੍ਰਤੀਯੋਗਤਾ ਕਰਵਾਈ ਗਈ। ਪ੍ਰਤੀਯੋਗਤਾ ਦਾ ਆਰੰਭ ਕਾਲਜ ਦੀ ਭੌਤਿਕ ਵਿਗਿਆਨ ਦੀ ਮੁਖੀ ਡਾ. ਸੰਜੁਲ ਗੁਪਤਾ ਨੇ ਕੀਤਾ। ਉਨ੍ਹਾਂ ਨੇ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦਾ ਹੌਸਲਾ ਵਧਾਇਆ।
ਉਨਾਂ ਕਿਹਾ ਕਿ ਵਰਤਮਾਨ ਯੁੱਗ ਵਿੱਚ ਅਜਿਹੀਆਂ ਰੁਜ਼ਗਾਰਪੂਰਵਕ ਪ੍ਰਤੀਯੋਗਤਾਵਾਂ ਵਿਦਿਆਰਥਣਾਂ ਦੇ ਉਜਵਲ ਭਵਿੱਖ ਦਾ ਨਿਰਮਾਣ ਕਰਦੀਆਂ ਹਨ ਤੇ ਜੀਵਨ ਵਿੱਚ ਅੱਗੇ ਵਧਣ ਦੇ ਮੌਕੇ ਮਿਲਦੇ ਹਨ। ਇਸ ਪ੍ਰਤੀਯੋਗਤਾ ਵਿੱਚ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੀਆਂ 24 ਵਿਦਿਆਰਥਣਾਂ ਨੇ ਹਿੱਸਾ ਲਿਆ। ਵਿਦਿਆਰਥਣਾਂ ਨੇ ਨਿਊਜ਼ ਪੇਪਰ ਨਾਲ ਆਪ ਬਣਾਏ ਪਹਿਰਾਵੇ ਪਹਿਨ ਕੇ ਸਭ ਦੇ ਸਾਹਮਣੇ ਪੇਸ਼ ਕੀਤੇ ਤੇ ਦਰਸ਼ਕਾਂ ਦਾ ਮਨ ਮੋਹ ਲਿਆ। ਨਿਰਣਾਇਕ ਮੰਡਲ ਦੀ ਭੂਮਿਕਾ ਡਾ. ਪੂਨਮ ਸਿਵਾਚ, ਡਾ. ਹੇਮਾ ਸੁਖੀਜਾ, ਡਾ ਪ੍ਰਿਅੰਕਾ ਸਿੰਘ ਨੇ ਨਿਭਾਈ। ਪ੍ਰਤੀਯੋਗਤਾ ਵਿਚ ਜਸਪ੍ਰੀਤ ਕੌਰ ਨੇ ਪਹਿਲਾ, ਸੋਨੂੰ ਨੇ ਦੂਜਾ ਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵਧੀਕ ਬੈਸਟ ਡਿਜ਼ਾਈਨਿੰਗ ਪੁਰਸਕਾਰ ਗਿਫਟਪ੍ਰੀਤ ਕੌਰ ਵਿਰਕ ਨੂੰ ਦਿੱਤਾ ਗਿਆ। ਮੰਚ ਦਾ ਸੰਚਾਲਨ ਗਿਫਟਪ੍ਰੀਤ ਤੇ ਸੰਜੀਤਾ ਨੇ ਬਾਖੂਬੀ ਨਿਭਾਇਆ।