ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 17 ਮਈ
ਅੰਬਾਲਾ ਸ਼ਹਿਰ ਤੋਂ ਭਾਜਪਾ ਵਿਧਾਇਕ ਅਸੀਮ ਗੋਇਲ ਨਨਿਓਲਾ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਦੀ ਚੁੱਕੀ ਗਈ ਸਹੁੰ ਤੋਂ ਬਾਅਦ ਸਿੱਖਾਂ ਅਤੇ ਹੋਰ ਭਾਈਚਾਰਿਆਂ ਵੱਲੋਂ ਵਿਰੋਧ ਜਾਰੀ ਹੈ। ਇਸ ਵਿਰੋਧ ਦੇ ਮੱਦੇਨਜ਼ਰ ਪੁਲੀਸ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਨ੍ਹਾਂ ਦੇ ਨਿਵਾਸ ’ਤੇ 24 ਘੰਟੇ ਪੁਲੀਸ ਦਾ ਸਖ਼ਤ ਪਹਿਰਾ ਲਾ ਦਿੱਤਾ ਗਿਆ ਹੈ। ਅਸੀਮ ਗੋਇਲ ਨੂੰ 18 ਅਪਰੈਲ ਨੂੰ ਮੁਸਲਿਮ ਸੰਗਠਨ ਵੱਲੋਂ 28 ਅਪਰੈਲ ਤੱਕ ਉਡਾ ਦੇਣ ਦੀ ਧਮਕੀ ਦਿੱਤੀ ਗਈ ਸੀ ਜਿਸ ਸਬੰਧੀ ਪੁਲੀਸ ਨੇ ਕੇਸ ਵੀ ਦਰਜ ਕੀਤਾ ਸੀ। ਉਸ ਧਮਕੀ ਪੱਤਰ ਵਿਚ ਸ੍ਰੀ ਗੋਇਲ ਨੂੰ ਮੁਸਲਿਮ ਵਿਰੋਧੀ ਦੱਸਿਆ ਗਿਆ ਸੀ। ਇਥੋਂ ਦੇ ਊਧਮ ਸਿੰਘ ਚੌਕ ਕੋਲ ਬਣੇ ਕਿਊ ਸ਼ੈਲਟਰ ’ਤੇ ਲੱਗੇ ਹੋਰਡਿੰਗ ’ਤੇ ਛਪੀ ਵਿਧਾਇਕ ਦੀ ਤਸਵੀਰ ’ਤੇ ਕਿਸੇ ਸ਼ਰਾਰਤੀ ਨੇ ਅਪਮਾਨਜਨਕ ਟਿੱਪਣੀ ਲਿਖ ਦਿੱਤੀ ਸੀ।