ਦਵਿੰਦਰ ਸਿੰਘ
ਯਮੁਨਾਨਗਰ, 28 ਸਤੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਅੱਜ ਜਗਾਧਰੀ ਵਿਧਾਨ ਸਭਾ ਹਲਕੇ ਦੇ ਅਧੀਨ ਛਛਰੌਲੀ ਅਨਾਜ ਮੰਡੀ ਵਿੱਚ ਭਾਜਪਾ ਉਮੀਦਵਾਰ ਕੰਵਰਪਾਲ ਗੁੱਜਰ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਯੋਗੀ ਨੇ ਕਿਹਾ ਕਿ ਜਿਹੜੇ ਲੋਕ ਭਾਰਤ ਨੂੰ ਕੋਸਦੇ ਸਨ ਅਤੇ ਇਸ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੰਦੇ ਸਨ, ਅੱਜ ਉਨ੍ਹਾਂ ਦੇ ਮੂੰਹੋਂ ‘ਰਾਮ-ਰਾਮ’ ਨਿਕਲ ਰਿਹਾ ਹੈ । ਉਨ੍ਹਾਂ ਕਿਹਾ ਕਿ ਜੇ ਅਸੀਂ ਆਪਸ ਵਿੱਚ ਵੰਡੇ ਨਾ ਹੁੰਦੇ ਤਾਂ ਰਾਮ ਮੰਦਰ ਢਾਹਿਆ ਨਾ ਹੁੰਦਾ ਅਤੇ ਨਾ ਹੀ ਕ੍ਰਿਸ਼ਨ ਦੀ ਜਨਮ ਭੂਮੀ ’ਤੇ ਗੁਲਾਮੀ ਦਾ ਕੋਈ ਹੋਰ ਢਾਂਚਾ ਖੜ੍ਹਾ ਹੁੰਦਾ। ਮੁਗਲਾਂ ਅਤੇ ਅੰਗਰੇਜ਼ਾਂ ਦੇ ਰਾਜ ਵਿੱਚ ਹਿੰਦੂਆਂ ਨਾਲ ਇਨਸਾਫ਼ ਨਹੀਂ ਹੋ ਸਕਿਆ ਪਰ 1947 ਵਿੱਚ ਆਜ਼ਾਦੀ ਤੋਂ ਬਾਅਦ ਜੇ ਕਾਂਗਰਸ ਸਰਕਾਰ ਚਾਹੁੰਦੀ ਤਾਂ ਰਾਮ ਮੰਦਰ ਦੀ ਉਸਾਰੀ ਕਰ ਸਕਦੀ ਸੀ ਪਰ ਇਸ ਨੇ ਵਿਵਾਦ ਪੈਦਾ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੀ ਸਮੱਸਿਆ ਹੈ ਅਤੇ ਭਾਜਪਾ ਹੀ ਹੱਲ ਹੈ। ਉਨ੍ਹਾਂ ਕਿਹਾ,‘ਕਾਂਗਰਸ ਸਰਕਾਰ ਕਹਿੰਦੀ ਸੀ ਕਿ ਦੇਸ਼ ਦੇ ਸਾਧਨਾਂ ’ਤੇ ਸਿਰਫ਼ ਮੁਸਲਮਾਨਾਂ ਦਾ ਹੀ ਹੱਕ ਹੈ, ਪਰ ਭਾਜਪਾ ਅਤੇ ਮੋਦੀ ਜੀ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਗੱਲ ਕਰਦੇ ਹਨ।’ ਸ੍ਰੀ ਯੋਗੀ ਨੇ ਦੋਸ਼ ਲਾਇਆ ਕਿ ਕਾਂਗਰਸ, ਇਨੈਲੋ ਅਤੇ ਆਮ ਆਦਮੀ ਪਾਰਟੀ ਵਿਕਾਸ ਨਹੀਂ ਚਾਹੁੰਦੀਆਂ ਕਿਉਂਕਿ ਵਿਕਾਸ ਨਾਲ ਉਨ੍ਹਾਂ ਦੀਆਂ ਦੁਕਾਨਾਂ ਅਤੇ ਵੰਡ ਦੀ ਰਾਜਨੀਤੀ ਬੰਦ ਹੋ ਜਾਵੇਗੀ। ਇਸ ਮੌਕੇ ਯੂਪੀ ਦੇ ਕੈਬਨਿਟ ਮੰਤਰੀ ਜ਼ਿਲ੍ਹਾ ਚੋਣ ਇੰਚਾਰਜ ਸੁਰੇਸ਼ ਰਾਣਾ, ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਯੂਪੀ ਦੇ ਸਾਬਕਾ ਮੰਤਰੀ ਧਰਮ ਸਿੰਘ ਸੈਣੀ, ਹਿਮਾਚਲ ਦੇ ਵਿਧਾਇਕ ਸੁਖਰਾਮ ਚੌਧਰੀ ਮੌਜੂਦ ਸਨ।