ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 15 ਸਤੰਬਰ
ਡੱਬਵਾਲੀ ਹਲਕਾ ਦੇ ਕਾਂਗਰਸ ਉਮੀਦਵਾਰ ਵਿਧਾਇਕ ਅਮਿਤ ਸਿਹਾਗ ਨੇ ਐਤਵਾਰ ਨੂੰ ਬਿੱਜੂਵਾਲੀ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਉਦਘਾਟਨ ਸਮਾਗਮ ਵਿੱਚ ਖੇਤਰ ਭਰ ਤੋਂ ਵੱਡੀ ਗਿਣਤੀ ’ਚ ਲੋਕ ਪੁੱਜੇ ਹੋਏ ਸਨ। ਅਮਿਤ ਸਿਹਾਗ ਨੇ ਭਾਰੀ ਜਨਸਮੂਹ ਨੂੰ ਸੰਬੋਧਨ ਕਰਦੇ ਕਿਹਾ ਕਿ ਜਨਤਾ ਦੀ ਬੇਮਿਸਾਲ ਹਮਾਇਤ ਤੋਂ ਸਪੱਸ਼ਟ ਹੈ ਕਿ ਹਰਿਆਣਾ ਵਿੱਚ ਕਾਂਗਰਸ ਸਰਕਾਰ ਬਣਨ ਜਾ ਰਹੀ ਹੈ। ਡੱਬਵਾਲੀ ਹਲਕਾ ਦੀ ਜਨਤਾ ਉਸ ਵਿੱਚ ਆਪਣੀ ਸ਼ਾਨਦਾਰ ਭਾਗੇਦਾਰੀ ਯਕੀਨੀ ਬਣਾਉਣਾ ਚਾਹੁੰਦੀ ਹੈ। ਅਮਿਤ ਸਿਹਾਗ ਨੇ ਕਿਹਾ ਕਿ ਬੀਤੇ ਸਾਲਾਂ ’ਚ ਹਰਿਆਣਾ ਅੰਦਰ ਅਪਰਾਥ, ਬੇਰੁਜ਼ਗਾਰੀ, ਮਹਿੰਗਾਈ ਆਖ਼ਰੀ ਸਰਹੱਦ ’ਤੇ ਹੈ, ਸਰਕਾਰ ਨੇ ਇਸ ਵੱਲ ਕਦੇ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਦੇ ਹੀ ਅਨੇਕ ਜਨਹਿਤ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ। ਸੀਨੀਅਰ ਕਾਂਗਰਸ ਆਗੂ ਡਾ. ਕੇਵੀ ਸਿੰਘ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਭਾਜਪਾ-ਜਜਪਾ ਗੱਠਜੋੜ ਸਰਕਾਰ ਨੇ ਕਦੇ ਹਲਕੇ ਦੀ ਸਾਰ ਨਹੀਂ ਲਈ, ਹੁਣ ਚੋਣਾਂ ਦੇ ਮੌਸਮ ਵਿੱਚ ਇਨ੍ਹਾਂ ਨੂੰ ਡੱਬਵਾਲੀ ਚੇਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਜਜਪਾ ਗੱਠਜੋੜ ਸਰਕਾਰ ਨੇ ਕਿਸਾਨੀ ਤੇ ਨੌਜਵਾਨੀ ਦਾ ਵੱਡਾ ਨੁਕਸਾਨ ਕੀਤਾ ਹੈ। ਜਿਸਦੇ ਤਹਿਤ ਕਾਫ਼ੀ ਪਿੰਡਾਂ ਨੂੰ ਪੱਖਪਾਤ ਤਹਿਤ ਪਾਣੀ ਤੋਂ ਵਾਂਝਾ ਕਰ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਜਜਪਾ, ਗੱਠਜੋੜ ਤਹਿਤ ਸਰਕਾਰ ਵਿੱਚ ਭਾਗੇਦਾਰ ਸੀ, ਉਦੋਂ ਕਿਸਾਨਾਂ ਦਾ ਪਾਣੀ ਖੋਹ ਰਹੀ ਸੀ। ਹੁਣ ਸੱਤਾ ਤੋਂ ਪਾਸੇ ਹੁੰਦੇ ਹੀ ਇਸ ਦੇ ਆਗੂ ਕਾਲੂਆਣਾ ਖਰੀਫ ਚੈਨਲ ਬਣਵਾਉਣ ਦੀ ਗੱਲ ਕਰ ਰਹੇ ਹਨ।