ਦਵਿੰਦਰ ਸਿੰਘ
ਯਮੁਨਾਨਗਰ, 1 ਮਾਰਚ
ਵੱਧ ਰਹੀ ਮਹਿੰਗਾਈ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਦੇ ਨੇਤਾਵਾਂ ਅਤੇ ਵਰਕਰਾਂ ਨੇ ਪੰਚਾਇਤ ਭਵਨ ਤੋਂ ਲੈ ਕੇ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਰੋਸ ਮਾਰਚ ਕੱਢਿਆ । ਇਸ ਦੋਰਾਨ ਕਾਂਗਰਸ ਵਰਕਰਾਂ ਨੇ ਸਿਰਾਂ ’ਤੇ ਸਿਲੰਡਰ ਚੁੱਕੇ ਹੋਏ ਸਨ ਅਤੇ ਰੇਹੜੇ ’ਤੇ ਮੋਟਰਸਾਈਕਲ ਰੱਖਿਆ ਹੋਇਆ ਸੀ । ਬਾਅਦ ਵਿੱਚ ਕਾਂਗਰਸੀ ਵਰਕਰਾਂ ਨੇ ਮਿਨੀ ਸਕੱਤਰੇਤ ਦੇ ਸਾਹਮਣੇ ਅਨਾਜ ਮੰਡੀ ਦੇ ਗੇਟ ਮੂਹਰੇ ਮਹਿੰਗਾਈ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਅਤੇ ਰਾਸ਼ਟਰਪਤੀ ਦੇ ਨਾਂ ਤੇ ਇੱਕ ਯਾਦ ਪੱਤਰ ਭੇਜ ਕੇ ਮਹਿੰਗਾਈ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ । ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਵਿਧਾਇਕ ਬੀਐਲ ਸੈਣੀ, ਵਿਧਾਇਕ ਰੇਣੂ ਬਾਲਾ, ਜਗਾਧਰੀ ਦੇ ਵਿਧਾਇਕ ਰਾਜਪਾਲ ਭੁੱਖੜੀ, ਸਾਬਕਾ ਵਿਧਾਇਕ ਅਕਰਮ ਖਾਨ, ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਸ਼ਿਆਮ ਸਿੰਘ ਬੱਤਰਾ, ਸੀਨੀਅਰ ਨੇਤਾ ਦੇਵਿੰਦਰ ਚਾਵਲਾ, ਸਤੀਸ਼ ਤੇਜਲੀ, ਨਰਪਾਲ ਸਿੰਘ, ਕਾਂਗਰਸ ਦੇ ਪ੍ਰਦੇਸ਼ ਬੁਲਾਰੇ ਰਾਇ ਸਿੰਘ ਚੌਹਾਨ ਨੇ ਕਿਹਾ ਕਿ ਸਰਕਾਰ ਨੇ ਮਹਿੰਗਾਈ ਵਿੱਚ ਵਾਧਾ ਕਰਕੇ ਆਮ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਬੇਰੁਜ਼ਗਾਰੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਖੇਤੀ ਕਾਨੂੰਨਾਂ ਦੇ ਸੰਘਰਸ਼ ਨੂੰ ਲੈ ਕੇ ਤਿੰਨ ਸੌ ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਚੁੱਕੀ ਕੇਂਦਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ। ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਕਰੋਨਾ ਕਾਰਨ ਲੋਕਾਂ ਦੀ ਕਮਰ ਟੁੱਟ ਚੁੱਕੀ ਹੈ ਪਰ ਸਰਕਾਰ ਵੱਖ-ਵੱਖ ਹੱਥਕੰਡੇ ਅਪਣਾ ਕੇ ਅਤੇ ਟੈਕਸ ਲਗਾ ਕੇ ਜਨਤਾ ਦਾ ਖੂਨ ਚੂਸ ਰਹੀ ਹੈ । ਇਸ ਮੌਕੇ ਸਾਬਕਾ ਉਮੀਦਵਾਰ ਸੁਰੇਸ਼ ਢਾਂਡਾ, ਜ਼ਿਲ੍ਹਾ ਪ੍ਰਧਾਨ ਰਾਕੇਸ਼ ਕਾਕਾ, ਅਨਿਲ ਗੋਇਲ, ਰਾਜਿੰਦਰ ਚਿਤਕਾਰਾ, ਰਾਜੇਸ਼ ਸ਼ਰਮਾ ਅਤੇ ਕਪਿਲ ਖੇਤਰਪਾਲ ਮੌਜੂਦ ਸਨ ।