ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 16 ਜੁਲਾਈ
ਲਾਡਵਾ ਦੇ ਵਿਧਾਇਕ ਮੇਵਾ ਸਿੰਘ ਨੇ ਅੱਜ ਬਾਬੈਨ ਖੇਤਰ ਦੇ ਹੜ੍ਹ ਪ੍ਰਭਾਵਿਤ ਪਿੰਡ ਸੰਘੋਰ, ਰਾਮ ਨਗਰ, ਭੁਖੜੀ, ਕੰਦੋਲੀ, ਭੈਣੀ ਤੇ ਗੂਹਣ ਸਣੇ ਕਈ ਪਿੰਡਾਂ ਦਾ ਦੌਰਾ ਕਰਕੇ ਫਸਲਾਂ ਅਤੇ ਘਰਾਂ ਆਦਿ ਦੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਵਿਧਾਇਕ ਨੇ ਸੂਬਾ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਕੁਦਰਤੀ ਆਫਤ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਤੇ ਹੋਰ ਫਸਲਾਂ ਤਬਾਹ ਹੋ ਗਈਆਂ ਹਨ। ਜਿਸ ਨਾਲ ਕਿਸਾਨ ਡੂੰਘੇ ਸਦਮੇ ਵਿਚ ਹਨ। ਉਨ੍ਹਾਂ ਨੇ ਸਰਕਾਰ ਤੋਂ ਹੜ੍ਹ ਨਾਲ ਖਰਾਬ ਹੋਈਆਂ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਮੇਵਾ ਸਿੰਘ ਨੇ ਕਿਹਾ ਕਿ ਬਾਬੈਨ ਖੇਤਰ ਵਿਚ ਸਰਸਵਤੀ ਨਦੀ ਵਗਦੀ ਹੈ ਜਿਸ ਦੀ ਸਹੀ ਸਫਾਈ ਤੇ ਮੁਰੰਮਤ ਨਾ ਹੋਣ ਕਰਕੇ ਨਦੀ ਨੇ ਇਸ ਖੇਤਰ ਵਿਚ ਤਬਾਹੀ ਮਚਾਈ ਹੈ। ਇਸ ਲਈ ਪ੍ਰਸ਼ਾਸਨ ਤੇ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਨਦੀ ਦੀ ਸਫਾਈ ਤੇ ਮੁਰੰਮਤ ਦਾ ਕੰਮ ਹੋ ਜਾਂਦਾ ਤਾਂ ਕਿਸਾਨਾਂ ਨੂੰ ਇੰਨਾ ਨੁਕਸਾਨ ਨਾ ਝੱਲਣਾ ਪੈਂਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਵਿਧਾਨ ਸਭਾ ਸੈਸ਼ਨ ਵਿਚ ਸਰਸਵਤੀ ਨਦੀ ਨੂੰ ਚੌੜਾ ਕਰਨ ਤੋਂ ਇਲਾਵਾ ਉਸ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਆਵਾਜ਼ ਉਠਾਈ ਹੈ, ਪਰ ਸਰਕਾਰ ਵੱਲੋਂ ਇਸ ’ਤੇ ਕੋਈ ਕਾਰਵਾਈ ਨਾ ਕਰਨ ਕਰਕੇ ਅੱਜ ਕਿਸਾਨਾਂ ਦੇ ਨਾਲ ਆਮ ਲੋਕਾਂ ਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਸਰਸਵਤੀ ਨਦੀ ਨੂੰ ਚੌੜਾ ਕਰਨ ਤੇ ਉਸ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਪਵਨ ਚੌਧਰੀ, ਲਾਭ ਸਿੰਘ ਅੰਟਾਲ, ਜੈ ਪਾਲ ਪੰਚਾਲ, ਸੰਜੀਵ ਭੁਖੜੀ, ਸਰਪੰਚ ਰਾਕੇਸ਼ ਸਾਂਗਵਾਨ, ਹਰੀਕੇਸ਼ ਸੈਣੀ, ਪ੍ਰਦੀਪ ਸਾਂਗਵਾਨ, ਰਾਜ ਕੁਮਾਰ ਰਾਣਾ ਤੇ ਓਮ ਪਾਲ ਰਾਣਾ ਤੋਂ ਇਲਾਵਾ ਕਈ ਕਾਂਗਰਸੀ ਕਾਰਕੁੰਨ ਮੌਜੂਦ ਸਨ।