ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਸਤੰਬਰ
ਨਾਮਜ਼ਦਗੀਆਂ ਦੇ ਆਖਰੀ ਦਿਨ ਅੱਜ ਥਾਨੇਸਰ ਵਿਧਾਨ ਸਭਾ ਹਲਕਾ ਦੇ ਕਾਂਗਰਸ ਉਮੀਦਵਾਰ ਅਸ਼ੋਕ ਅਰੋੜਾ ਅੱਜ ਵਰਕਰਾਂ ਦੇ ਰੋਡ ਸ਼ੋਅ ਨਾਲ ਐੱਸਡੀਐੱਮ ਦਫਤਰ ਪੁੱਜੇ ਤੇ ਆਪਣੇ ਕਾਗਜ਼ ਭਰੇ। ਅਰੋੜਾ ਦੇ ਨਾਲ ਨਾਮਜ਼ਦਗੀ ਪਰਚੇ ਭਰਨ ਲਈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਪੁੱਜੇ। ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਅਰੋੜਾ ਨੇ ਆਪਣੇ ਚੋਣ ਦਫਤਰ ਬੈਰਾਗੀ ਧਰਮਸ਼ਾਲਾ ਤੋਂ ਕਾਫਲੇ ਦੇ ਨਾਲ ਖੁੱਲ੍ਹੇ ਚਾਰ ਪਹੀਆ ਵਾਹਨ ਵਿੱਚ ਰੋਡ ਸ਼ੋਅ ਕੀਤਾ। ਰੋਡ ਸ਼ੋਅ ਢੋਲ, ਤਾੜੀਆਂ ਤੇ ਨਾਅਰਿਆਂ ਦੀਆਂ ਗੂੰਜ ਨਾਲ ਮੁੱਖ ਮਾਰਗ ਤੋਂ ਹੁੰਦਾ ਹੋਇਆ ਐੱਸਡੀਐੱਮ ਦਫ਼ਤਰ ਪੁੱਜਿਆ। ਨਾਮਜ਼ਦਗੀ ਪਰਚੇ ਦਾਖਲ ਕਰਨ ਤੋਂ ਬਾਅਦ ਭੀੜ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਅੱਜ ਪੂਰੇ ਸੂਬੇ ਵਿੱਚ ਕਾਂਗਰਸ ਦੀ ਲਹਿਰ ਚਲ ਰਹੀ ਹੈ। ਕਾਂਗਰਸ ਆ ਰਹੀ ਹੈ ਭਾਜਪਾ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਕਾਂਗਰਸ ਨੂੰ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ। ਹੁੱਡਾ ਨੇ ਕਿਹਾ ਕਿ ਕਾਂਗਰਸ ਦੇ ਸ਼ਾਸ਼ਨ ਵਿਚ ਸੂਬਾ ਪ੍ਰਤੀ ਵਿਅਕਤੀ ਆਮਦਨ ਤੇ ਵਿਕਾਸ ਚ ਪਹਿਲੇ ਨੰਬਰ ਤੇ ਸੀ ,ਅੱਜ ਇਹ ਅਪਰਾਧ ਤੇ ਬੇਰੁਜ਼ਗਾਰੀ ਵਿੱਚ ਪਹਿਲੇ ਨੰਬਰ ’ਤੇ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਵਿਭਾਗਾਂ ਵਿੱਚ ਦੋ ਲੱਖ ਅਸਾਮੀਆਂ ਖਾਲੀ ਪਈਆਂ ਹਨ। ਕਾਂਗਰਸ ਦੀ ਸਰਕਾਰ ਬਣਦਿਆਂ ਹੀ ਇਨ੍ਹਾਂ ਨੂੰ ਭਰਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਰੋੜਾ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਤੇਜਵੀਰ ਸਿੰਘ, ਸਾਬਕਾ ਵਿਧਾਇਕ ਬੰਤਾ ਰਾਮ ਬਾਲਮੀਕੀ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਚੰਦਰਭਾਨ ਗੁਪਤਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।
ਕਾਂਗਰਸੀ ਆਗੂ ਨੇ ਟਿਕਟ ਨਾ ਮਿਲਣ ’ਤੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰੇ
ਆਖ਼ਰੀ ਦਿਨ ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਵੱਲੋਂ ਵੱਖ ਵੱਖ ਤਹਿਸੀਲਾਂ ਵਿੱਚ ਆਪਣੇ ਕਾਗਜ਼ ਦਾਖ਼ਲ ਕੀਤੇ ਗਏ। ਕਾਂਗਰਸ ਦੇ ਬੜਖਲ ਤੋਂ ਉਮੀਦਵਾਰ ਵਿਜੈ ਪ੍ਰਤਾਪ ਸਿੰਘ, ਪੁਰਾਣਾ ਫਰੀਦਾਬਾਦ ਤੋਂ ਲਖਣ ਪਾਲ ਸਿੰਗਲਾ, ਐੱਨਆਈਟੀ ਤੋਂ ਨੀਰਜ ਕੁਮਾਰ ਨੇ ਕਾਗਜ਼ ਦਾਖ਼ਲ ਕੀਤੇ। ਭਾਜਪਾ ਵੱਲੋਂ ਧਰਮੇਸ਼ ਅਦਲੱਖਾ ਨੇ ਬੜਖਲ ਤੋਂ, ਮੂਲਚੰਦ ਸ਼ਰਮਾ ਨੇ ਬੱਲਭਗੜ੍ਹ ਤੋਂ ਕਾਗਜ਼ ਭਰੇ। ਟਿਕਟ ਨਾ ਮਿਲਣ ਤੋਂ ਕਾਂਗਰਸੀ ਆਗੂ ਲਲਿਤ ਨਾਗਰ ਨੇ ਤਿਗਾਂਵ ਤੋਂ ਆਜ਼ਾਦ ਉਮੀਦਵਾਰ ਵਜੋਂ ਪਰਚਾ ਭਰਿਆ।