ਚੰਡੀਗੜ੍ਹ, 26 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਨੇ ਆਪਣਾ ਵਧੇਰੇ ਆਪਸੀ ਖਹਿਬਾਜ਼ੀ ’ਚ ਬਰਬਾਦ ਕੀਤਾ ਤੇ ਲੋਕਾਂ ਨੇ ਹਰਿਆਣਾ ’ਚ ਭਾਜਪਾ ਨੂੰ ਇੱਕ ਹੋਰ ਮੌਕਾ ਦੇਣ ਦਾ ਫ਼ੈਸਲਾ ਕਰ ਲਿਆ ਹੈ। ਪਾਰਟੀ ਦੇ ‘ਮੇਰਾ ਬੂਥ, ਸਬ ਤੋਂ ਮਜ਼ਬੂਤ’ ਪ੍ਰੋਗਰਾਮ ਤਹਿਤ ਹਰਿਆਣਾ ਦੇ ਭਾਜਪਾ ਵਰਕਰਾਂ ਨਾਲ ਨਮੋ ਐਪ ਰਾਹੀਂ ਗੱਲਬਾਤ ਕਰਦਿਆਂ ਉਨ੍ਹਾਂ ਨਾਲ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬੂਥ ਪੱਧਰੀ ਤਿਆਰੀ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਬੂਥ ’ਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ, ‘ਚੋਣਾਂ ਨੂੰ ਹਫ਼ਤਾ ਰਹਿ ਗਿਆ ਹੈ ਅਤੇ ਪੋਲਿੰਗ ਬੂਥ ’ਤੇ ਹਰ ਪਰਿਵਾਰ ਵੱਲ ਧਿਆਨ ਦਿੱਤਾ ਜਾਵੇ।’ ਪ੍ਰਧਾਨ ਮੰਤਰੀ ਨੇ ਆਪਣੀ ਗੱਲਬਾਤ ਦੀ ਸ਼ੁਰੂਆਤ ਹਰਿਆਣਾ ਦੇ ਲੋਕਾਂ ਨਾਲ ਆਪਣੇ ਖਾਸ ਰਿਸ਼ਤੇ ਦਾ ਜ਼ਿਕਰ ਕਰਦਿਆਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਿਛਲੇ 10 ਸਾਲਾਂ ਅੰਦਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ’ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣਾ ਵਧੇਰੇ ਸਮਾਂ ਆਪਸੀ ਖਹਿਬਾਜ਼ੀ ’ਚ ਲੰਘਾਇਆ ਹੈ ਅਤੇ ਹਰਿਆਣਾ ਦਾ ਬੱਚਾ-ਬੱਚਾ ਕਾਂਗਰਸ ਦੀ ਅੰਦਰੂਨੀ ਲੜਾਈ ਬਾਰੇ ਜਾਣਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲਾਊਡ ਸਪੀਕਰ ਜੋ ਪਹਿਲਾਂ ਵੱਡੇ-ਵੱਡੇ ਦਾਅਵੇ ਕਰ ਰਹੇ ਸਨ, ਅੱਜ-ਕੱਲ ਕਮਜ਼ੋਰ ਪੈ ਗਏ ਹਨ। ਉਨ੍ਹਾਂ ਕਿਹਾ, ‘ਕੁਝ ਲੋਕ ਕਹਿ ਰਹੇ ਹਨ ਕਿ ਕਾਂਗਰਸ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਪਿਛਲੇ 10 ਸਾਲਾਂ ਅੰਦਰ ਕਾਂਗਰਸ ਵਿਰੋਧੀ ਧਿਰ ਵਜੋਂ ਨਾਕਾਮ ਸਾਬਤ ਹੋਈ ਹੈ। ਪਾਰਟੀ 10 ਸਾਲਾਂ ਤੋਂ ਲੋਕ ਮਸਲਿਆਂ ਤੋਂ ਦੂਰ ਹੈ। ਅਜਿਹੇ ਲੋਕ ਹਰਿਆਣਾ ਦੇ ਲੋਕਾਂ ਦਾ ਭਰੋਸਾ ਕਦੀ ਵੀ ਨਹੀਂ ਜਿੱਤ ਸਕਦੇ।’ -ਪੀਟੀਆਈ