ਪੱਤਰ ਪ੍ਰੇਰਕ
ਰਤੀਆ, 6 ਮਾਰਚ
ਫੌਜ ਵਿੱਚ ਭਰਤੀ ਸਬੰਧੀ ਸ਼ਹਿਰ ਵਿੱਚ ਇੱਕ ਫੋਟੋਸਟੇਟ ਸੰਚਾਲਕ ਦੁਆਰਾ ਕਰੋਨਾ ਟੈਸਟ ਦੀ ਫਰਜ਼ੀ ਰਿਪੋਰਟ ਤਿਆਰ ਕਰਨ ਦੇਣ ਦੀ ਸੂਚਨਾ ਮਿਲਣ ਦੇ ਬਾਅਦ ਸਿਹਤ ਵਿਭਾਗ ਅਤੇ ਪੁਲੀਸ ਨੇ ਫੋਟੋਸਟੇਟ ਸੰਚਾਲਕ ਦੀ ਦੁਕਾਨ ’ਤੇ ਰੇਡ ਕਰ ਕੇ ਲੈਪਟੌਪ ਅਤੇ ਦੂਸਰੇ ਦਸਤਾਵੇਜ਼ ਬਰਾਮਦ ਕਰ ਕੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦੇ ਅਨੁਸਾਰ ਹਿਸਾਰ ਵਿੱਚ ਫੌਜ ਦੀ ਭਰਤੀ ਹੋਣੀ ਹੈ, ਇਸਦੇ ਲਈ ਫੌਜ ਦੇ ਨਿਯਮਾਂ ਅਨੁਸਾਰ ਭਰਤੀ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੇ ਕੋਲ ਕਰੋਨਾ ਰਿਪੋਰਟ ਆਰਟੀਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ। ਜਿਸਦੇ ਲਈ ਪਿਛਲੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਵਿੱਚ ਕਾਫੀ ਨੌਜਵਾਨ ਟੈਸਟ ਦਾ ਸੈਂਪਲ ਦੇਣ ਤੋਂ ਬਾਅਦ ਅਗਰੋਹਾ ਮੈਡੀਕਲ ਕਾਲਜ ਤੋਂ ਆਉਣ ਵਾਲੀ ਰਿਪੋਰਟ ਪ੍ਰਾਪਤ ਕਰਕੇ ਉਸ ਤੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਦੇ ਦਸਤਖ਼ਤ ਕਰਵਾ ਕੇ ਰਿਪੋਰਟ ਲੈ ਕੇ ਜਾ ਰਹੇ ਸਨ। ਸਿਵਲ ਹਸਪਤਾਲ ਵਿੱਚ ਐੱਸ.ਐੱਮ.ਓ ਡਾ. ਭਰਤ ਸਹਾਰਨ ਦੇ ਕੋਲ ਦੋ ਕਰੋਨਾ ਨੌਜਵਾਨ ਆਰਟੀਪੀਸੀਆਰ ਦੀ ਅਗਰੋਹਾ ਮੈਡੀਕਲ ਕਾਲਜ ਵਿੱਚੋਂ ਆਉਣ ਵਾਲੀ ਨੈਗੇਟਿਵ ਰਿਪੋਰਟ ਦੇ ਦਸਤਾਵੇਜ਼ ਲੈ ਕੇ ਉਨ੍ਹਾਂ ਕੋਲ ਦਸਤਖ਼ਤ ਕਰਵਾਉਣ ਆਏ ਤਾਂ ਡਾ. ਭਰਤ ਨੂੰ ਉਨ੍ਹਾਂ ਨੌਜਵਾਨਾਂ ਦੇ ਕੋਲ ਰਿਪੋਰਟ ਦੇਖ ਕੇ ਸ਼ੱਕ ਹੋਇਆ ਇਹ ਰਿਪੋਰਟ ਨਕਲੀ ਹੋ ਸਕਦੀ ਹੈ ਤਾਂ ਉਨ੍ਹਾਂ ਨੇ ਉਕਤ ਰਿਪੋਰਟ ’ਤੇ ਨੌਜਵਾਨਾਂ ਦੇ ਕਰੋਨਾ ਟੈਸਟ ਸੈਂਪਲ ਦੇਣ ਦੀ ਅੰਕਿਤ ਮਿਤੀ ਨੂੰ ਜਦੋਂ ਸਿਵਲ ਹਸਪਤਾਲ ਦੇ ਰਿਕਾਰਡ ਦੀ ਜਾਂਚ ਕੀਤੀ ਤਾਂ ਰਿਕਾਰਡ ਦੇ ਅਨੁਸਾਰ ਉਨ੍ਹਾਂ ਨੌਜਵਾਨਾਂ ਨੇ ਉਸ ਮਿਤੀ ਨੂੰ ਸਿਵਲ ਹਸਪਤਾਲ ਵਿੱਚ ਕਰੋਨਾ ਟੈਸਟ ਦਾ ਸੈਂਪਲ ਨਹੀਂ ਦਿੱਤਾ ਸੀ, ਜਿਸ ਉੱਤੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ ਡਾ. ਭਰਤ ਸਹਾਰਨ ਨੇ ਨੌਜਵਾਨਾਂ ਤੋਂ ਪੁੱਛ – ਪੜਤਾਲ ਕੀਤੀ ਤਾਂ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਸਤੀ ਮੰਦਰ ਦੇ ਨੇੜੇ ਇੱਕ ਫੋਟੋਸਟੇਟ ਦੀ ਦੁਕਾਨ ਤੋਂ ਕਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਾ ਸਬੂਤ ਪ੍ਰਾਪਤ ਕੀਤਾ ਹੈ। ਡਾ . ਭਰਤ ਨੇ ਉਕਤ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ।
ਪੁਲੀਸ ਨੇ ਸਤੀ ਮੰਦਰ ਦੇ ਨੇੜੇ ਉਕਤ ਫੋਟੋਸਟੇਟ ਦੀ ਦੁਕਾਨ ’ਤੇ ਛਾਪਾ ਮਾਰ ਕੇ ਦੁਕਾਨ ਵਿੱਚ ਰੱਖੇ ਲੈਪਟੌਪ ਅਤੇ ਹੋਰ ਦਸਤਾਵੇਜ਼ ਬਰਾਮਦ ਕਰ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂ ਇਸ ਬਾਰੇ ਵਿੱਚ ਸਿਵਲ ਹਸਪਤਾਲ ਦੇ ਐੱਸ.ਐਮ.ਓ ਡਾ. ਭਰਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਉਕਤ ਫੋਟੋਸਟੇਟ ਸੰਚਾਲਕ ਦੀ ਦੁਕਾਨ ’ਤੇ ਛਾਪਾਮਾਰੀ ਕਰਕੇ ਦੁਕਾਨ ਦੇ ਅੰਦਰ ਰੱਖੇ ਲੈਪਟੌਪ ਅਤੇ ਹੋਰ ਦਸਤਾਵੇਜ਼ ਨੂੰ ਬਰਾਮਦ ਕਰ ਮਾਮਾਲੇ ਦੀ ਪੂਰੀ ਗਹਿਣਤਾ ਨਾਲ ਜਾਂਚ ਕੀਤੀ ਜਾ ਰਹੀ ਹੈ।