ਪ੍ਰਭੂ ਦਿਆਲ
ਸਿਰਸਾ, 23 ਜੂਨ
ਦੇਸ਼ ਦੇ ਉਪ ਪ੍ਰਧਾਨ ਮੰਤਰੀ ਤਾਊ ਦੇਵੀ ਲਾਲ ਦੀ ਰਾਜਸੀ ਵਿਰਾਸਤ ਸਬੰਧੀ ਚੌਟਾਲਾ ਪਰਿਵਾਰ ’ਚ ਸ਼ਰੀਕੇਬਾਜ਼ੀ ਸ਼ੁਰੂ ਹੋ ਗਈ ਹੈ। ਤਾਊ ਦੇਵੀ ਲਾਲ ਦੇ ਪੜਪੋਤਰੇ ਤੇ ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਬੀਤੇ ਦਿਨ ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਤਾਊ ਦੇਵੀ ਲਾਲ ਦੇ ਬੁੱਤ ਤੋਂ ਪਰਦਾ ਹਟਾਇਆ ਤਾਂ ਅੱਜ ਉਨ੍ਹਾਂ ਦੇ ਚਾਚੇ ਦੇ ਮੁੰਡੇ ਕਰਨ ਚੌਟਾਲਾ ਨੇ ਤਾਊ ਦੇਵੀ ਲਾਲ ਦੇ ਬੁੱਤ ਨੂੰ ਗੰਗਾ ਜਲ ਨਾਲ ਧੋਣ ਮਗਰੋਂ ਉਸ ’ਤੇ ਫੁੱਲਾਂ ਦੇ ਹਾਰ ਪਾਏ।
ਇਸ ਦੌਰਾਨ ਸਾਬਕਾ ਵਿਧਾਇਕ ਅਭੈ ਸਿੰਘ ਚੌਟਾਲਾ ਦੇ ਪੁੱਤਰ ਤੇ ਤਾਊ ਦੇਵੀ ਲਾਲ ਦੇ ਪੜਪੋਤਰੇ ਕਰਨ ਚੌਟਾਲਾ ਨੇ ਕਿਹਾ ਕਿ ਬੀਤੇ ਦਿਨ ਜਿਹੜੇ ਲੋਕਾਂ ਨੇ ਬੁੱਤ ਤੋਂ ਪਰਦਾ ਹਟਾਇਆ ਸੀ, ਉਹ ਤਾਊ ਦੇਵੀ ਲਾਲ ਦਾ ਨਾਂ ਆਪਣਾ ਰਾਜਸੀ ਮਨੋਰਥ ਪੂਰਾ ਕਰਨ ਲਈ ਵਰਤ ਰਹੇ ਹਨ। ਉਨ੍ਹਾਂ ਨੇ ਤਾਊ ਦੇਵੀ ਲਾਲ ਦੇ ਨਾਂ ਖ਼ਰਾਬ ਕਰਨ ਦਾ ਕੰਮ ਕੀਤਾ ਸੀ, ਇਸ ਲਈ ਗੰਗਾ ਜਲ ਨਾਲ ਧੋ ਕੇ ਇਸ ਨੂੰ ਪਵਿੱਤਰ ਕੀਤਾ ਗਿਆ ਹੈ।
ਕਰਨ ਚੌਟਾਲਾ ਨੇ ਕਿਹਾ ਕਿ ਯੂਨੀਵਰਸਿਟੀ ’ਚ ਤਾਊ ਦੇਵੀ ਲਾਲ ਦਾ ਬੁੱਤ ਪਹਿਲਾਂ ਤੋਂ ਲੱਗਿਆ ਹੋਇਆ ਸੀ, ਜਿਸ ਨੂੰ ਜੀਂਦ ਭੇਜ ਦਿੱਤਾ ਗਿਆ ਤੇ ਹੁਣ ਉਸ ਦੀ ਥਾਂ ’ਤੇ ਨਵਾਂ ਬੁੱਤ ਲਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਤਾਊ ਦੇਵੀ ਲਾਲ ਦੇ ਨਾਂ ਦੀ ਫਿਕਰ ਹੁੰਦੀ ਤਾਂ ਜਦੋਂ ਕੇਐੱਮਪੀ ਦਾ ਨਾਂ ਬਦਲਿਆ ਗਿਆ ਸੀ, ਉਦੋਂ ਇਹ ਲੋਕ ਕਿਥੇ ਸਨ? ਉਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਕਿਸਾਨ ਅੰਦੋਲਨ ਬਾਰੇ ਟਿੱਪਣੀ ’ਤੇ ਕਰਨ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਦੇ ਵਿੱਚ ਜਾ ਕੇ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ।