ਸਤਪਾਲ ਰਾਮਗੜ੍ਹੀਆ
ਪਿਹੋਵਾ, 25 ਜੂਨ
ਪਿਹੋਵਾ ਨਗਰ ਪਾਲਿਕਾ ’ਚ ਚੇਅਰਮੈਨ ਦੀ ਚੋਣ ਲਈ ਹੋਈ ਪੋਲਿੰਗ ਅਤੇ ਵੋਟਾਂ ਦੀ ਗਿਣਤੀ ਦੌਰਾਨ 56 ਵੋਟਾਂ ਦੇ ਫ਼ਰਕ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਤੋਂ ਪਹਿਲਾਂ ਚੋਣ ਅਧਿਕਾਰੀਆਂ ਵੱਲੋਂ 20,419 ਵੋਟਾਂ ਬਾਰੇ ਦੱਸਿਆ ਗਿਆ ਸੀ। ਪਰ ਬਾਅਦ ਵਿੱਚ ਦੱਸਿਆ ਗਿਆ ਕਿ 20,363 ਵੋਟਾਂ ਪੋਲ ਹੋਈਆਂ ਸਨ। ਦਲੀਲ ਦਿੱਤੀ ਗਈ ਸੀ ਕਿ ਪੋਲਿੰਗ ਵਾਲੇ ਦਿਨ ਸੈਕਟਰ ਮੈਜਿਸਟਰੇਟ ਦੀ ਗਲਤੀ ਕਾਰਨ ਆਨਲਾਈਨ ਰਿਕਾਰਡ ਵਿੱਚ ਗਲਤ ਨੰਬਰ ਦਰਜ ਕੀਤਾ ਗਿਆ ਸੀ। ਇਸ ਨੂੰ ਬਾਅਦ ਵਿੱਚ ਉਸੇ ਦਿਨ ਠੀਕ ਕਰ ਦਿੱਤਾ ਗਿਆ। ਗਿਣਤੀ ਵਾਲੇ ਦਿਨ ਚੇਅਰਮੈਨ ਉਮੀਦਵਾਰਾਂ ਨੂੰ ਈਵੀਐੱਮਜ਼ ਦਿਖਾਈਆਂ ਗਈਆਂ। ਜਿਸ ਵਿੱਚ ਸਿਰਫ਼ 20,363 ਵੋਟ ਪੋਲ ਹੀ ਨਜ਼ਰ ਆ ਰਹੇ ਹਨ।
ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਨਗਰਪਾਲਿਕਾ ਚੇਅਰਮੈਨ ਦੇ ਉਮੀਦਵਾਰ ਅਨਿਲ ਧਵਨ ਨੇ ਭਾਜਪਾ ਉਮੀਦਵਾਰ ’ਤੇ ਧੋਖਾਧੜੀ ਕਰ ਕੇ ਚੋਣ ਜਿੱਤਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਇਸ ਬਾਰੇ ਕੇਂਦਰੀ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਹੈ। ਉਧਰ, ਰਿਟਰਨਿੰਗ ਅਫਸਰ ਕਮ ਐੱਸਡੀਐੱਮ ਸੋਨੂੰ ਰਾਮ ਨੇ ਕਿਹਾ ਕਿ ਵੋਟਾਂ ਵਾਲੇ ਦਿਨ ਗ਼ਲਤੀ ਨਾਲ 100 ਵੋਟਾਂ ਕਮਿਸ਼ਨ ਦੀ ਵੈੱਬਸਾਈਟ ’ਤੇ ਓਵਰਰਾਈਟ ਹੋ ਗਈਆਂ ਸਨ। ਇਹ ਪਤਾ ਲੱਗਣ ਤੱਕ 44 ਹੋਰ ਵੋਟਾਂ ਪਈਆਂ ਸਨ। ਅਜਿਹੇ ਵਿੱਚ ਫਰਕ 56 ਵੋਟਾਂ ਦਾ ਰਹਿ ਗਿਆ ਸੀ। ਇਸ ਗ਼ਲਤੀ ਨੂੰ ਸੁਧਾਰਨ ਤੋਂ ਬਾਅਦ ਰਿਕਾਰਡ ਡੀਸੀ ਉਮੀਦਵਾਰਾਂ ਦੀਆਂ ਈਵੀਐੱਮ ਦੀ ਜਾਂਚ ਤੋਂ ਬਾਅਦ ਗਿਣਤੀ ਸ਼ੁਰੂ ਹੋ ਗਈ। ਗਿਣਤੀ 20,363 ਅਨੁਸਾਰ ਕੀਤੀ ਗਈ ਹੈ।