ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 16 ਜੂਨ
ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਦੀ ਟੀਮ ਵੱਲੋਂ ਵੰਡੇ ਜਾ ਰਹੇ ‘ਖਾਲਸਾ ਏਡ’ ਦੇ ਸਟਿੱਕਰਾਂ ਵਾਲੇ ਆਕਸੀਜਨ ਕੰਸਨਟਰੇਟਰਾਂ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ। ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੋਤਰੇ ਅਤੇ ਇਨੈਲੋ ਆਗੂ ਰਵੀ ਚੌਟਾਲਾ ਨੇ ਇਨ੍ਹਾਂ ਕੰਸਨਟਰੇਟਰਾਂ ’ਤੇ ਸੁਆਲ ਕਰਦਿਆਂ ਦੀਪੇਂਦਰ ਹੁੱਡਾ ਦੀ ਟੀਮ ਅਤੇ ਕਾਂਗਰਸੀ ਆਗੂਆਂ ’ਤੇ ਮੁਫ਼ਤ ਦੀ ਸ਼ੋਹਰਤ ਖੱਟਣ ਵਰਗੇ ਗੰਭੀਰ ਦੋਸ਼ ਲਾਏ ਹਨ। ਸਿਰਸਾ ਜ਼ਿਲ੍ਹੇ ਵਿੱਚ 16 ਆਕਸੀਜਨ ਕੰਸਨਟਰੇਟਰ ਭੇਜੇ ਗਏ ਹਨ, ਜਿਨ੍ਹਾਂ ਨੂੰ ਕਾਂਗਰਸੀ ਵਿਧਾਇਕਾਂ ਰਾਹੀਂ ਸਰਕਾਰੀ ਸੀਐੱਚਸੀਜ਼ ’ਚ ਭੇਜਿਆ ਜਾ ਰਿਹਾ ਹੈ।
ਰਵੀ ਚੌਟਾਲਾ ਨੇ ਕਿਹਾ ਕਿ ਜੇਕਰ ਇਹ ਆਕਸੀਜਨ ਕੰਸਨਟਰੇਟਰਾਂ ਦੀਪੇਂਦਰ ਹੁੱਡਾ ਅਤੇ ਕਾਂਗਰਸ ਪਾਰਟੀ ਵੱਲੋਂ ਵੰਡੇ ਜਾ ਰਹੇ ਹਨ ਤਾਂ ਉਨ੍ਹਾਂ ’ਤੇ ਖਾਲਸਾ ਏਡ ਦਾ ਸਟਿੱਕਰ ਕਿਉਂ ਲੱਗਿਆ ਹੈ? ਉਨ੍ਹਾਂ ਦੀਪੇਂਦਰ ਹੁੱਡਾ ਅਤੇ ਕਾਂਗਰਸ ਪਾਰਟੀ ਨੂੰ ਕਿਹਾ ਕਿ ਉਹ ਸਪੱਸ਼ਟ ਕਰਨ ਕਿ ਇਹ ਸਾਮਾਨ ਖਾਲਸਾ ਏਡ ਦਾ ਹੈ ਜਾਂ ਫ਼ਿਰ ਕਾਂਗਰਸ ਪਾਰਟੀ ਵੰਡ ਰਹੀ ਹੈ।
ਦੂਜੇ ਪਾਸੇ ਡੱਬਵਾਲੀ ਦੇ ਕਾਂਗਰਸੀ ਵਿਧਾਇਕ ਅਮਿਤ ਸਿਹਾਗ ਨੇ ਰਵੀ ਚੌਟਾਲਾ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਿਹੜੀ ਸੰਸਥਾ ਨੇ ਸਾਮਾਨ ਭੇਜਿਆ ਹੈ, ਉਸੇ ਦੇ ਸਟਿੱਕਰ ਨਾਲ ਸਾਮਾਨ ਅਗਾਂਹ ਵੰਡਿਆ ਜਾ ਰਿਹਾ ਹੈ, ਇਸ ਵਿੱਚ ਕੀ ਗਲਤ ਹੈ। ਇਸ ਬਾਰੇ ਦੀਪੇਂਦਰ ਹੁੱਡਾ ਨਾਲ ਰਾਬਤਾ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਬਣ ਸਕਿਆ।