ਪੱਤਰ ਪ੍ਰੇਰਕ
ਟੋਹਾਣਾ, 15 ਜੁਲਾਈ
ਇਥੋਂ ਦੇ ਭੁਨਾ ਰੋਡ ’ਤੇ ਰਸੋਈ ਗੈਸ ਦੀ ਨਾਜਾਇਜ਼ ਢੰਗ ਨਾਲ ਹੋ ਰਹੀ ਵਿਕਰੀ ਵਾਲੀ ਦੁਕਾਨ ਵਿੱਚੋਂ ਸੀਐੱਮ ਫਲਾਇੰਗ ਟੀਮ ਨੇ 165 ਗੈਸ ਸਿਲੰਡਰ ਬਰਾਮਦ ਕਰਕੇ ਪੁਲੀਸ ਨੂੰ ਸੌਂਪ ਦਿੱਤੇ ਹਨ। ਸੀਐੱਮ ਫਲਾਇੰਗ ਟੀਮ ਦੇ ਕੁਲਦੀਪ ਸਿੰਘ, ਰਾਜਬੀਰ ਸਿੰਘ, ਸੁਰਿੰਦਰ ਸਿੰਘ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਸਤਿਆਵਾਨ ਦੀ ਸਾਂਝੀ ਟੀਮ ਨੇ ਪੁਲੀਸ ਟੀਮ ਨਾਲ ਛਾਪਾ ਮਾਰਨ ਦੌਰਾਨ ਕਾਰਵਾਈ ਕਰਦੇ ਹੋਏ ਦੱਸਿਆ ਕਿ ਨਾਜਾਇਜ਼ ਵਿਕਰੀ ਕੇਂਦਰ ਦੀ ਸ਼ਿਕਾਇਤ ਆਉਣ ’ਤੇ ਦੁਕਾਨ ਵਿੱਚ ਬੈਠਾ ਕਰਿੰਦਾ ਗੈਸ ਸਿਲੰਡਰਾਂ ਬਾਰੇ ਕੋਈ ਦਸਤਾਵੇਜ਼ ਨਹੀਂ ਵਿਖਾ ਸਕਿਆ। ਸੰਘਣੀ ਆਬਾਦੀ ਦੇ ਭਰੇ ਬਾਜ਼ਾਰ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਗੈਸ ਸਿਲੰਡਰ ਮਿਲਣਾ ਬਹੁਤ ਖਤਰਨਾਕ ਕੰਮ ਹੈ। ਟੀਮ ਨੇ 107 ਭਰੇ, 41 ਖਾਲੀ ਸਿਲੰਡਰ, 7 ਭਰੇ ਹੋਏ ਕਮਰਸ਼ੀਅਲ ਸਿਲੰਡਰ, 9 ਖਾਲੀ ਕਮਰਸ਼ੀਅਲ ਸਿਲੰਡਰ ਬਰਾਮਦ ਕੀਤੇ ਹਨ। ਟੀਮ ਨੇ ਦੱਸਿਆ ਕਿ ਗੈਸ ਸਿਲੰਡਰ ਗੈਸ ਏਜੰਸੀਆਂ ਤੋਂ ਮਨਜ਼ੂਰਸ਼ੁਦਾ ਸਟੋਰ ਵਿੱਚ ਹੀ ਰੱਖੇ ਜਾ ਸਕਦੇ ਹਨ। ਕਰਿੰਦਾ ਨਾਜਾਇਜ਼ ਧੰਦਾ ਕਰਕੇ ਮੁਹੱਲੇ ਦੇ ਲੋਕਾਂ ਦਾ ਜੀਵਨ ਖਤਰੇ ਵਿੱਚ ਪਾ ਰਿਹਾ ਸੀ। ਟੀਮ ਨੇ ਦੱਸਿਆ ਕਿ ਮਾਮਲਾ ਦਰਜ ਕੀਤਾ ਜਾਵੇਗਾ ਤੇ ਸਪਲਾਇਰ ਏਜੰਸੀ ਮਾਲਕ ਦੀ ਪਛਾਣ ਕਰਕੇ ਉਸ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।
ਕੋਲਡ ਡਰਿੰਕਸ ਬਣਾਉਣ ਵਾਲੀ ਫੈਕਟਰੀ ’ਤੇ ਛਾਪਾ
ਜੀਂਦ (ਪੱਤਰ ਪ੍ਰੇਰਕ): ਇੱਥੋਂ ਦੇ ਪਿੰਡ ਸ਼ਾਦੀਪੁਰ ਵਿੱਚ ਸੀਐੱਮ ਫਲਾਇੰਗ ਟੀਮ ਨੇ ਕੋਲਡ ਡਰਿੰਕਸ ਬਣਾਉਣ ਵਾਲੀ ਫੈਕਟਰੀ ਵਿੱਚ ਛਾਪਾ ਮਾਰ ਕੇ ਉੱਥੋਂ ਭਾਰੀ ਮਾਤਰਾ ਵਿੱਚ ਸਿੰਗਲ ਯੂਜ਼ ਪਾਲੀਥੀਨ ਅਤੇ ਲਗਭਗ ਢਾਈ ਹਜ਼ਾਰ ਲਿਟਰ ਕੋਲਡ ਡਰਿੰਕਸ ਬਰਾਮਦ ਕੀਤੀ ਹੈ। ਟੀਮ ਨੇ ਫੈਕਟਰੀ ਮਾਲਕ ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਟੀਮ ਦੇ ਇੰਸਪੈਕਟਰ ਰਾਜਦੀਪ ਮੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਕੋਲਡ ਡਰਿੰਕਸ ਬਣਾਏ ਜਾਣ ਦੀ ਸੂਚਨਾ ਮਿਲੀ ਸੀ, ਜਿਸਦੇ ਆਧਾਰ ਉੱਤੇ ਉਨ੍ਹਾਂ ਨੇ ਫੂਡ ਸੇਫਟੀ ਅਧਿਕਾਰੀ ਡਾ. ਭੰਵਰ ਸਿੰਘ, ਟੈਕਸ ਵਿਭਾਗ ਤੋਂ ਇੰਸਪੈਕਟਰ ਸਤੀਸ਼ ਬਤਸ ਨੂੰ ਨਾਲ ਲੈ ਕੇ ਫੈਕਟਰੀ ’ਤੇ ਛਾਪਾ ਮਾਰਿਆ।