ਪੀ.ਪੀ. ਵਰਮਾ
ਪੰਚਕੂਲਾ, 6 ਜਨਵਰੀ
ਮੁੱਖ ਅੰਸ਼
- ਨਵੇਂ ਨਿਯਮਾਂ ਤਹਿਤ ਸਿਨੇਮਾਘਰ, ਮਲਟੀਪਲੈਕਸ, ਖੇਡ ਕੰਪਲੈਕਸ ਰਹਿਣਗੇ ਬੰਦ
- ਸਕੂਲ-ਕਾਲਜ ਤੇ ਆਈਟੀਆਈ 12 ਤੱਕ ਬੰਦ
-
ਮਾਰਕੀਟਾਂ ਸ਼ਾਮ 6 ਵਜੇ ਤੱਕ ਰਹਿਣਗੀਆਂ ਖੁੱਲ੍ਹੀਆਂ
ਹਰਿਆਣਾ ਸਰਕਾਰ ਨੇ ਕਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਪੰਚਕੂਲਾ ਸਮੇਤ 11 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਇਹ ਜ਼ਿਲ੍ਹੇ ਪੰਚਕੂਲਾ, ਗੁਰੂਗ੍ਰਾਮ, ਫਰੀਦਾਬਾਦ, ਅੰਬਾਲਾ, ਸੋਨੀਪਤ, ਕਰਨਾਲ, ਪਾਣੀਪਤ, ਕੁਰੂਕਸ਼ੇਤਰ, ਯਮੁਨਾਨਗਰ, ਰੋਹਤਕ ਅਤੇ ਝੱਜਰ ਹਨ। ਹਰਿਆਣਾ ਸਰਕਾਰ ਵੱਲੋਂ 11 ਜ਼ਿਲ੍ਹਿਆਂ ਵਿੱਚ ਲਾਗੂ ਕੀਤੇ ਨਵੇਂ ਨਿਯਮਾਂ ਮੁਤਾਬਕ ਸਿਨੇਮਾ ਘਰ ਤੇ ਮਲਟੀਪਲੈਕਸ ਬੰਦ ਰਹਿਣਗੇ।
ਇਸੇ ਤਰ੍ਹਾਂ ਸਾਰੇ ਹਰਿਆਣਾ ਵਿੱਚ ਸਪੋਰਟਸ ਕੰਪਲੈਕਸ, ਸਟੇਡੀਅਮ ਅਤੇ ਸਵਿਮਿੰਗ ਪੂਲ ਵੀ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਸਿਰਫ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੂੰ ਨੇਮਾਂ ਵਿੱਚ ਛੋਟ ਤਹਿਤ ਟਰੇਨਿੰਗ ਸਬੰਧੀ ਖੁੱਲ੍ਹ ਰਹੇਗੀ।
ਕਿਸੇ ਵੀ ਬਾਹਰੀ ਵਿਅਕਤੀ ਨੂੰ ਸਟੇਡੀਅਮ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਪੰਚਕੂਲਾ ਸਮੇਤ 11 ਜ਼ਿਲ੍ਹਿਆਂ ਵਿੱਚ ਮਾਰਕੀਟਾਂ ਹੁਣ ਸ਼ਾਮ 5 ਵਜੇ ਦੀ ਥਾਂ ਸ਼ਾਮ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਰੈਸਟੋਰੈਂਟ ਅਤੇ ਬਾਰਜ਼ 50 ਫੀਸਦ ਸਮਰੱਥਾ ਨਾਲ ਚੱਲਣਗੇ। ਪੂਰੇ ਸੂਬੇ ਵਿੱਚ 12 ਜਨਵਰੀ ਤੱਕ ਸਕੂਲ, ਕਾਲਜ, ਆਈਟੀਆਈ ਸੈਂਟਰ, ਆਂਗਣਵਾੜੀ ਸੈਂਟਰ, ਲਾਇਬਰੇਰੀਆਂ ਬੰਦ ਰਹਿਣਗੀਆਂ। ਇਹ ਨਵੇਂ ਹੁਕਮ ਹਰਿਆਣਾ ਰਾਜ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਦੇ ਚੇਅਰਮੈਨ ਅਤੇ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ‘ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ’ ਤਹਿਤ ਜਾਰੀ ਕੀਤੇ ਹਨ।