ਚੰਡੀਗੜ੍ਹ, 9 ਮਈ
ਹਰਿਆਣਾ ਦੀ ਕੋਵਿਡ-19 ਵਿਸ਼ੇਸ਼ ਜੇਲ੍ਹ ’ਚੋਂ 13 ਹਿਰਾਸਤੀ ਸ਼ਨਿੱਚਰਵਾਰ ਰਾਤ ਨੂੰ ਬੈਰਕ ਦੀਆਂ ਲੋਹੇ ਦੀਆਂ ਸਲਾਖਾਂ ਕੱਟਣ ਮਗਰੋਂ ਫਰਾਰ ਹੋ ਗਏ। ਇਨ੍ਹਾਂ ਵਿੱਚੋਂ 4 ਰੇਵਾੜੀ ਜਦੋਂਕਿ 9 ਹਿਰਾਸਤੀ ਮਹਿੰਦਰਗੜ੍ਹ ਜੇਲ੍ਹ ਨਾਲ ਸਬੰਧਤ ਹਨ। ਭੱਜਣ ਵਾਲੇ ਸਾਰੇ ਹਿਰਾਸਤੀ ਕਰੋਨਾ ਪਾਜ਼ੇਟਿਵ ਸਨ ਤੇ ਇਨ੍ਹਾਂ ਨੂੰ ਰੇਵਾੜੀ ਦੀ ਉਸਾਰੀ ਅਧੀਨ ਜੇਲ੍ਹ ਵਿੱਚ ਰੱਖਿਆ ਗਿਆ ਸੀ। ਇਨ੍ਹਾਂ ਵਿੱਚੋਂ ਕੁਝ ਹਿਰਾਸਤੀਆਂ ਖ਼ਿਲਾਫ਼ ਬਲਾਤਕਾਰ, ਕਤਲ ਤੇ ਡਕੈਤੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਸੀ। ਰੇਵਾੜੀ ਜੇਲ੍ਹ ਵਿੱਚ ਕੁੱਲ ਮਿਲਾ ਕੇ 493 ਕੋਵਿਡ ਪਾਜ਼ੇਟਿਵ ਕੈਦੀਆਂ ਨੂੰ ਰੱਖਿਆ ਗਿਆ ਹੈ। ਪੁਲੀਸ ਨੇ ਚਾਰ ਟੀਮਾਂ ਬਣਾ ਕੇ ਫਰਾਰ ਕੈਦੀਆਂ ਦੀ ਭਾਲ ਆਰੰਭ ਦਿੱਤੀ ਹੈ। -ਆਈਏਐੱਨਐੱਸ