ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 24 ਅਪਰੈਲ
ਕਰੋਨਾ ਮਹਾਮਾਰੀ ਦੇ ਚਲਦੇ ਸਰਕਾਰ ਵਲੋਂ ਜਾਰੀ ਨਵੇਂ ਆਦੇਸ਼ਾਂ ਨਾਲ ਹੁਣ ਬਾਜ਼ਾਰ ਵਿਚ ਦੁਕਾਨਾਂ ਬੰਦ ਕਰਨ ਦਾ ਸਮਾਂ 6 ਵਜੇ ਤੱਕ ਕਰ ਦਿੱਤਾ ਗਿਆ ਹੈ। ਨਵੇਂ ਆਦੇਸ਼ਾਂ ਵਿਚ ਸਰਕਾਰ ਵਲੋਂ ਕਰਿਆਨਾ ਦੀਆਂ ਦੁਕਾਨਾਂ ਨੂੰ 6 ਵਜੇ ਤੋਂ ਬਾਅਦ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਹੋਰ ਦੁਕਾਨਦਾਰਾਂ ਖਾਸ ਕਰਕੇ ਫਲ, ਸਬਜ਼ੀ, ਹਲਵਾਈ, ਕੱਪੜਾ ਤੇ ਬਰਤਨ ਵਿਕਰੇਤਾਵਾਂ ਵਿਚ ਸਰਕਾਰ ਪ੍ਰਤੀ ਡੂੰਘਾ ਰੋਸ ਹੈ।
ਇਨ੍ਹਾਂ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨੂੰ ਲੈ ਕੇ ਦੁਕਾਨਾਂ ਬੰਦ ਕਰਨ ਦਾ ਸਮਾਂ 6 ਵਜੇ ਨਿਸ਼ਚਿਤ ਕਰ ਦਿੱਤਾ ਹੈ, ਉਹ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ ਪਰ ਜਦ ਕਰਿਆਨਾ ਦੀਆਂ ਦੁਕਾਨਾਂ ਦੇਰ ਰਾਤ ਤੱਕ ਖੁੱਲ੍ਹਣਗੀਆਂ ਤਾਂ ਹੋਰ ਦੁਕਾਨਾਂ ਬੰਦ ਕਰਨ ਦਾ ਕੀ ਮਤਲਬ ਹੈ? ਦੁਕਾਨਦਾਰ ਕਰਮ ਚੰਦ ਸੈਣੀ, ਕੁਲਦੀਪ, ਮਦਨ, ਮੁਨੀਸ਼ ਕੁਮਾਰ, ਸੁਖਵਿੰਦਰ ਆਦਿ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਕਰਿਆਨਾ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਤੇ ਹੋਰ ਸਾਮਾਨ ਰੱਖ ਕੇ ਵੇਚਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਹੋਰ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਹੋਇਆ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਿਰਫ ਮੈਡੀਕਲ ਦੀਆਂ ਦੁਕਾਨਾਂ ਹੀ ਦੇਰ ਰਾਤ ਤੱਕ ਖੋਲ੍ਹਣ ਦੀ ਛੋਟ ਦਿੱਤੀ ਜਾਵੇ ਜਦਕਿ ਹੋਰ ਸਾਰੀਆਂ ਦੁਕਾਨਾਂ ਨੂੰ ਸਮੇਂ ਮੁਤਾਬਕ 6 ਵਜੇ ਬੰਦ ਕਰਵਾਇਆ ਜਾਵੇ ਤਾਂ ਜੋ ਹੋਰ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਨਾ ਹੋਵੇ।