ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 10 ਅਪਰੈਲ
ਖਾਲਸੇ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ ’ਤੇ ਹਰਿਆਣਾ ਤੋਂ ਪਾਕਿਸਤਾਨ ਸਿੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾ ਰਹੇ ਯਾਤਰੂਆਂ ਦੇ ਸ਼ਨਿਚਵਾਰ ਨੂੰ ਧਰਮਨਾਗਰੀ ਵਿਚ ਕਰੋਨਾ ਦੇ ਨਮੂਨੇ ਲਏ ਗਏ। ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਸ਼ਾਹਬਾਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਸੰਦੀਪਇੰਦਰ ਸਿੰਘ ਚੀਮਾ ਦੇ ਮਾਰਗ ਦਰਸ਼ਨ ਹੇਠ ਟੀਮ ਨੇ ਯਾਤਰੂਆਂਂ ਦੇ ਸੈਂਂਪਸ ਲਏ। ਇਹ ਜਥਾ 11 ਅਪਰੈਲ ਨੂੰ ਧਰਮਨਗਰੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਪਾਤਸ਼ਾਹੀ ਛੇਵੀਂ ਤੋਂ ਰਵਾਨਾ ਹੋਵੇਗਾ, ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜਕਾਰੀ ਕਮੇਟੀ ਦੇ ਮੈਂਬਰ ਜਥੇਦਾਰ ਹਰਭਜਨ ਸਿੰਘ ਮਸਾਨਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਤਜਿੰਦਰ ਪਾਲ ਸਿੰਘ ਲਾਡਵਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਹਾ, ਸਬ-ਦਫਤਰ ਹਰਿਆਣਾ ਇੰਚਾਰਜ ਪਰਮਜੀਤ ਸਿੰਘ ਦੁਨੀਆਂ ਮਾਜਰਾ ਅਤੇ ਸਿੱਖ ਮਿਸ਼ਨ ਹਰਿਆਣਾ ਇੰਚਾਰਜ ਭਾਈ ਮੰਗਪ੍ਰੀਤ ਸਿੰਘ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇ ਨੂੰ ਹਰੀ ਝੰਡੀ ਦਿਖਾਉਣਗੇ। ਜਥੇਦਾਰ ਹਰਭਜਨ ਸਿੰਘ ਮਸਾਣਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਧਰਮਨਗਰੀ ਤੋਂ ਅੰਮ੍ਰਿਤਸਰ ਜਾਣ ਲਈ ਇਨ੍ਹਾਂ 39 ਯਾਤਰੀਆਂ ਨੂੰ ਮੁਫਤ ਬੱਸ ਸੇਵਾ ਮੁਹੱਈਆ ਕਰਵਾਈ ਗਈ ਹੈ।