ਪੱਤਰ ਪ੍ਰੇਰਕ
ਫਰੀਦਾਬਾਦ, 19 ਜੂਨ
ਇੱਥੇ ਅੱਜ ਨਿਗਮ ਅਧਿਕਾਰੀਆਂ ਨੇ ਵੱਖ-ਵੱਖ ਵਾਰਡਾਂ ਦਾ ਜਾਇਜ਼ਾ ਲਿਆ । ਇਸ ਦੌਰਾਨ 22 ਸਫ਼ਾਈ ਕਰਮਚਾਰੀ ਗ਼ੈਰਹਾਜ਼ਰ ਪਾਏ ਗਏ। ਨਗਰ ਨਿਗਮ ਕਮਿਸ਼ਨਰ ਏ. ਮੋਨਾ ਸ੍ਰੀਨਿਵਾਸ ਦੇ ਹੁਕਮਾਂ ਅਨੁਸਾਰ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸਵਪਨਿਲ ਆਰ ਪਾਟਿਲ ਨੇ ਵਾਰਡ-2 ਅਤੇ 7 ਅਤੇ ਸੰਯੁਕਤ ਕਮਿਸ਼ਨਰ ਜਤਿੰਦਰ ਗਰਗ ਨੇ ਵਾਰਡ-3 ਅਤੇ ਵਾਰਡ-5, ਵਧੀਕ ਕਮਿਸ਼ਨਰ ਗੌਰਵ ਅੰਤਿਲ ਨੇ ਅੱਜ ਵਾਰਡ-15 ਅਤੇ ਵਾਰਡ-17 ਅਤੇ ਐਸ. ਤਿਗਾਂਵ, ਸੰਯੁਕਤ ਕਮਿਸ਼ਨਰ ਸ੍ਰੀਮਤੀ ਦਵਜਾ ਨੇ ਵਾਰਡ-11 ਅਤੇ ਵਾਰਡ-12 ਵਿੱਚ ਸਫਾਈ ਦੇ ਕੰਮ ਦਾ ਜਾਇਜ਼ਾ ਲਿਆ। ਇਸ ਦੌਰਾਨ ਨਗਰ ਨਿਗਮ ਫਰੀਦਾਬਾਦ ਦੇ ਸੰਯੁਕਤ ਕਮਿਸ਼ਨਰ ਸੁਮਿਤ ਕੁਮਾਰ ਨੇ ਵਾਰਡ-31 ਅਤੇ ਵਾਰਡ-32 ਅਤੇ ਗਜੇਂਦਰ ਸਿੰਘ ਹੈੱਡਕੁਆਰਟਰ ਵਾਰਡ-29 ਅਤੇ ਵਾਰਡ-30 ਵਿੱਚ ਫੀਲਡ ਵਿੱਚ ਗਏ। ਇਸ ਮੌਕੇ ਅਧਿਕਾਰੀਆਂ ਨੇ ਸਵੇਰੇ 5 ਵਜੇ ਸਫਾਈ ਕਰਮਚਾਰੀਆਂ ਦੀ ਹਾਜ਼ਰੀ ਵੀ ਚੈੱਕ ਕੀਤੀ। ਇਸ ਜਾਂਚ ਦੌਰਾਨ 22 ਸਫਾਈ ਕਰਮਚਾਰੀ ਗੈਰਹਾਜ਼ਰ ਪਾਏ ਗਏ। ਨਗਰ ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਗੈਰਹਾਜ਼ਰ ਪਾਏ ਗਏ ਇਨ੍ਹਾਂ 22 ਸਫ਼ਾਈ ਕਰਮਚਾਰੀਆਂ ਦੀ ਇੱਕ ਦਿਨ ਦੀ ਤਨਖ਼ਾਹ ਕੱਟਣ ਦੇ ਹੁਕਮ ਦਿੱਤੇ ਗਏ ਹਨ। ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਸਾਰੇ ਵਾਰਡਾਂ ਵਿੱਚ ਲੱਗੇ ਸਫ਼ਾਈ ਕਰਮਚਾਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਨ ਅਤੇ ਹਾਜ਼ਰੀ ਰਜਿਸਟਰ ਵਿੱਚ ਹਰ ਰੋਜ਼ ਆਪਣੀ ਹਾਜ਼ਰੀ ਦਰਜ ਕਰਵਾਉਣ ਨਹੀਂ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਫਾਈ ਦਾ ਕੰਮ ਅਤੇ ਹਾਜ਼ਰੀ ਰਜਿਸਟਰ ਦੀ ਜਾਂਚ ਰੋਜ਼ਾਨਾ ਜਾਰੀ ਰਹੇਗੀ। ਨਗਰ ਨਿਗਮ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਹਰ ਰੋਜ਼ ਫੀਲਡ ਵਿੱਚ ਜਾ ਕੇ ਸਫ਼ਾਈ ਕਰਮਚਾਰੀਆਂ ਦੀ ਹਾਜ਼ਰੀ ਅਤੇ ਸਫ਼ਾਈ ਕਾਰਜਾਂ ਦੀ ਜਾਂਚ ਕਰਨ ਅਤੇ ਇਸ ਦੀ ਰਿਪੋਰਟ ਸੀਐੱਮਸੀ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਉਣ।