ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 10 ਅਪਰੈਲ
ਹਰਿਆਣਾ ਦੇ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਅਨਿਲ ਵਿੱਜ, ਜਿਨ੍ਹਾਂ ਕੋਲ ਫੂਡ ਐਂਡ ਡਰੱਗ ਵਿਭਾਗ ਦਾ ਚਾਰਜ ਵੀ ਹੈ ਉਨ੍ਹਾਂ ਦੱਸਿਆ ਕਿ ਐੱਫਡੀਏ ਦੀ ਟੀਮ ਨੇ ਫਰੀਦਾਬਾਦ ’ਚ ਬਹੁ-ਰਾਸ਼ਟਰੀ ਕੰਪਨੀਆਂ ‘ਲੈਕਮੇ’ ਅਤੇ ‘ਫਿਟਮੇ’ ਆਦਿ ਵਰਗੇ ਮਸ਼ਹੂਰ ਬ੍ਰਾਂਡਾਂ ਦੇ ਨਕਲੀ ਉਤਪਾਦ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਸੋਨੀਪਤ ’ਚ ਐੱਫਡੀਏ ਦੀ ਟੀਮ ਨੇ ਬਿਨਾਂ ਲਾਇਸੈਂਸ ਤੋਂ ਚੱਲ ਰਹ ਕੈਮੀਕਲ ਫਰਮ ਨੂੰ ਫੜਨ ’ਚ ਵੀ ਸਫ਼ਲਤਾ ਹਾਸਲ ਕੀਤੀ ਹੈ।
ਸ੍ਰੀ ਵਿਜ ਨੇ ਦੱਸਿਆ ਕਿ ਹਰਿਆਣਾ ਫੂਡ ਐਂਡ ਡਰੱਗ ਵਿਭਾਗ ਨੂੰ ਮਕਾਨ ਨੰਬਰ 634, ਸੈਕਟਰ-62, ਫਰੀਦਾਬਾਦ ’ਚ ਨਕਲੀ ਸਾਮਾਨ ਤਿਆਰ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਟੀਮ ਨੇ ਮੌਕੇ ’ਤੇ ਛਾਪਾ ਮਾਰ ਕੇ ‘ਲੈਕਮੇ’ ਤੇ ‘ਫਿਟਮੇ’ ਆਦਿ ਬ੍ਰਾਂਡਾਂ ਦੇ ਕਈ ਉਤਪਾਦ ਗੈਰ-ਕਾਨੂੰਨੀ ਢੰਗ ਨਾਲ ਤਿਆਰ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਹਿੰਦੁਸਤਾਨ ਯੂਨੀਲੀਵਰ ਕੰਪਨੀ ਦੇ ਨੁਮਾਇੰਦੇ ਨੂੰ ਵੀ ਸ਼ਨਾਖਤ ਲਈ ਬੁਲਾਇਆ ਗਿਆ ਤੇ ਇਸ ਮੌਕੇ ਕੰਪਨੀ ਦੇ ਨੁਮਾਇੰਦੇ ਨੇ ਦੱਸਿਆ ਕਿ ਇੱਥੇ ਜੋ ਉਤਪਾਦ ਬਣਦੇ ਹਨ ਉਹ ਨਕਲੀ ਤੇ ਗੈਰ-ਕਾਨੂੰਨੀ ਹਨ। ਉਤਪਾਦਾਂ ਵਿੱਚੋਂ ‘ਲੈਕਮੇ’ ਤੇ ‘ਫਿਟਮੇ’ ਬ੍ਰਾਂਡਾਂ ਦੇ 16 ਕਾਸਮੈਟਿਕਸ ਦੇ ਸੈਂਪਲ ਜਾਂਚ ਲਈ ਲਏ ਗਏ ਹਨ ਤੇ ਟੀਮ ਨੇ 16 ਹੋਰ ਕਿਸਮਾਂ ਦੇ ਤਿਆਰ ਉਤਪਾਦਾਂ ਨੂੰ ਵੀ ਜ਼ਬਤ ਕੀਤਾ। ਖਾਲੀ ਬੋਤਲਾਂ, ਡੱਬੇ, ਟਿਊਬ ਆਦਿ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਐੱਫਡੀਏ ਤੇ ਪੁਲੀਸ ਵੱਲੋਂ ਜ਼ਬਤ ਉਤਪਾਦਾਂ ਦੀ ਕਰੀਬ 20 ਲੱਖ ਰੁਪਏ ਦੀ ਕੀਮਤ ਹੈ। ਫਰੀਦਾਬਾਦ ਵਿੱਚ ਫੈਕਟਰੀ ਦੇ ਇੱਕ ਸਾਥੀ ਅਮਿਤ ਮਿੱਤਲ ਤੇ ਮੈਨੇਜਰ ਨਵੀਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਨਿਲ ਵਿੱਜ ਨੇ ਦੱਸਿਆ ਕਿ ਦੂਜੇ ਪਾਸੇ ਇਕ ਹੋਰ ਛਾਪੇਮਾਰੀ ਦੌਰਾਨ ਹਰਿਆਣਾ ਦੀ ਐਫ.ਡੀ.ਏ. ਦੀ ਟੀਮ ਨੇ ਪ੍ਰਸ਼ਾ ਕੈਮੀਕਲਜ਼, ਬਾਰ੍ਹੀ, ਐਚ.ਐਸ.ਆਈ.ਆਈ.ਡੀ.ਸੀ., ਸੋਨੀਪਤ ਨੂੰ ਬਿਨਾਂ ਲਾਇਸੈਂਸ ਪ੍ਰਾਪਤ ਕੀਤੇ ਸੋਡੀਅਮ ਹਾਈਪੋਕਲੋਰਾਈਟ ਘੋਲ ਬਣਾਉਂਦੇ ਹੋਏ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੋਡੀਅਮ ਹਾਈਪੋਕਲੋਰਾਈਟ ਨੂੰ ਨਿਯਮਾਂ ਦੇ ਤਹਿਤ ਜ਼ਹਿਰ ਵਜੋਂ ਨੋਟੀਫਾਈ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਮ ਨੇ 40 ਹਜ਼ਾਰ ਲੀਟਰ ਉਤਪਾਦ ਬਰਾਮਦ ਕੀਤਾ ਹੈ ਤੇ ਸੈਂਪਲ ਜਾਂਚ ਲਈ ਲਏ ਗਏ ਹਨ। ਫਰਮ ਵਿਰੁੱਧ ਡਰੱਗਜ਼ ਐਂਡ ਕਾਸਮੈਟਿਕਸ ਐਕਟ 1940 ਤੇ ਨਿਯਮ 1945 ਤਹਿਤ ਕੇਸ ਦਰਜ ਕੀਤਾ ਜਾਵੇਗਾ।