ਰਤਨ ਸਿੰਘ ਢਿੱਲੋਂ
ਅੰਬਾਲਾ, 17 ਨਵੰਬਰ
ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਅੰਬਾਲਾ ਦੇ ਐੱਸ.ਪੀ. ਜਸ਼ਨਦੀਪ ਸਿੰਘ ਰੰਧਾਵਾ ਨੇ ਅੱਜ ਇਕ ਪ੍ਰੈੱਸ ਕਾਨਫਰੰਸ ਕਰ ਕੇ ਕਈ ਖ਼ੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਛੇ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਚੱਲ ਰਹੇ ਮਾਮਲੇ ਦੇ ਮਾਸਟਰਮਾਈਂਡ ਮੋਗਲੀ ਸਣੇ ਹੁਣ ਤੱਕ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੋਗਲੀ ਦੀ ਨਿਸ਼ਾਨਦੇਹੀ ’ਤੇ ਸੀਆਈਏ ਸਟਾਫ ਸ਼ਾਹਜ਼ਾਦਪੁਰ ਨੇ ਰਮਨਦੀਪ ਉਰਫ਼ ਦੀਪੂ ਅਤੇ ਅੰਸ਼ੁਲ ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੇ ਐਕਸਟਰਾ ਨਿਊਟਰਲ ਅਲਕੋਹਲ ਦੀ ਤਸਕਰੀ ਕੀਤੀ ਸੀ। ਐੱਸ.ਪੀ. ਨੇ ਦੱਸਿਆ ਕਿ ਗੈਂਗਸਟਰ ਮੋਨੂੰ ਰਾਣਾ ਨੇ ਹੀ ਧਨੌਰਾ ਦੇ ਉੱਤਮ ਤੇ ਪੁਨੀਤ ਨੂੰ ਕਹਿ ਕੇ ਮਾਸਟਰਮਾਈਂਡ ਅੰਕਿਤ ਉਰਫ਼ ਮੋਗਲੀ ਨੂੰ ਫੈਕਟਰੀ ਦਿਵਾਈ ਸੀ ਅਤੇ ਮੋਗਲੀ ਨੇ ਉੱਤਰ ਪ੍ਰਦੇਸ਼ ਦੇ ਪੁਰਾਣੇ ਜਾਣਕਾਰ ਸ਼ੇਖ਼ਰ ਰਾਹੀਂ ਪ੍ਰਵੀਣ ਅਤੇ ਹੋਰ ਮਜ਼ਦੂਰ ਮੰਗਵਾਏ ਸਨ ਤਾਂ ਜੋ ਕਿਸੇ ਨੂੰ ਨਾਜਾਇਜ਼ ਫੈਕਟਰੀ ਦੀ ਭਿਣਕ ਨਾ ਪਵੇ। ਐੱਸ.ਪੀ. ਨੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਪਹਿਲੀ ਮੌਤ 8 ਨਵੰਬਰ ਨੂੰ ਦਰਜ ਹੋਈ ਸੀ ਜਦੋਂ ਕਿ ਫੈਕਟਰੀ ਨੇ 6 ਤਰੀਕ ਨੂੰ ਕੰਮ ਕਰਨਾ ਸ਼ੁਰੂ ਕੀਤਾ ਸੀ। ਅੰਬਾਲਾ ਦੇ ਬਰਾੜਾ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਦੋ ਜਣਿਆਂ ਦੀ ਮੌਤ ਹੋਈ ਜੋ ਇਸੇ ਫੈਕਟਰੀ ਵਿੱਚ ਕੰਮ ਕਰਦੇ ਸਨ।