ਪੱਤਰ ਪ੍ਰੇਰਕ
ਰਤੀਆ, 10 ਅਗਸਤ
ਸਥਾਨਕ ਖੇਤਰ ਵਿੱਚ ਪਸ਼ੂਆਂ ਵਿਚ ਵਧ ਰਹੀ ਲੰਪੀ ਸਕਿਨ ਦੀ ਬਿਮਾਰੀ ਦੇ ਚੱਲਦੇ ਦੇਰ ਰਾਤ ਟੋਹਾਣਾ ਰੋਡ ’ਤੇ ਸਥਿਤ ਸ੍ਰੀ ਗੁਰੂ ਨਾਨਕ ਗਊਸ਼ਾਲਾ ਵਿਚ ਸਬੰਧਤ ਬਿਮਾਰੀ ਨਾਲ ਪੀੜਤ ਗਊ ਦੀ ਮੌਤ ਹੋ ਗਈ। ਇਸ ਗਊ ਦੇ 5 ਦਿਨ ਪਹਿਲਾਂ ਪਸ਼ੂ ਪਾਲਣ ਵਿਭਾਗ ਨੇ ਸੈਂਪਲ ਲੈ ਕੇ ਜਾਂਚ ਲਈ ਭੁਪਾਲ ਦੀ ਲੈਬ ਵਿਚ ਭੇਜੇ ਸਨ। ਇਸ ਗਊਸ਼ਾਲਾ ਵਿਚ 3 ਪੀੜਤ ਗਊਆਂ ਦੇ ਸੈਂਪਲ ਲਏ ਗਏ ਸਨ। ਇਸ ਦੇ ਨਾਲ ਨਾਲ ਸਬੰਧਤ ਗਊਸ਼ਾਲਾ ਵਿਚ ਪੀੜਤ ਗਊਆਂ ਦੀ ਗਿਣਤੀ ਵਧ ਜਾਣ ਕਾਰਨ ਸ੍ਰੀ ਗੁਰੂ ਨਾਨਕ ਗਊਸ਼ਾਲਾ ਕਮੇਟੀ ਦੇ ਪ੍ਰਤੀਨਿਧੀਆਂ ਨੇ ਵੀ ਬਾਹਰੋਂ ਆਉਣ ਵਾਲੀਆਂ ਗਾਵਾਂ ’ਤੇ ਰੋਕ ਲਗਾ ਦਿੱਤੀ ਹੈ। ਗਊ ਦੀ ਮੌਤ ਦੀ ਸੂਚਨਾ ਮਿਲਣ ਉਪਰੰਤ ਪਸ਼ੂ ਪਾਲਣ ਵਿਭਾਗ ਦੇ ਉਪ ਨਿਦੇਸ਼ਕ ਸੁਖਵਿੰਦਰ ਸਿੰਘ ਦੇ ਆਦੇਸ਼ ਤੇ ਪਸ਼ੂ ਪਾਲਣ ਵਿਭਾਗ ਰਤੀਆ ਦੇ ਸਰਜਨ ਡਾ. ਸੁਨੀਲ ਕੁਮਾਰ ਬਿਸ਼ਨੋਈ ਦੀ ਅਗਵਾਈ ਵਿਚ ਗਠਿਤ ਟੀਮ ਮੌਕੇ ਤੇ ਪਹੁੰਚੀ। ਉਨ੍ਹਾਂ ਜਿੱਥੇ ਹੋਰ ਪੀੜਤ ਪਸ਼ੂਆਂ ਦਾ ਇਲਾਜ ਸ਼ੁਰੂ ਕਰ ਦਿੱਤਾ, ਉਥੇ ਉਨ੍ਹਾਂ ਪੀੜਤ ਪਸ਼ੂਆਂ ਨੂੰ ਸਬੰਧਤ ਗਊਸ਼ਾਲਾ ਵਿਚ ਵੱਖ ਤੋਂ ਇਕਾਂਤਵਾਸ ਕਰ ਦਿੱਤਾ। ਪਸ਼ੂ ਪਾਲਣ ਵਿਭਾਗ ਦੇ ਡਾਕਟਰ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗਊਸ਼ਾਲਾ ਵਿਚ 5 ਪੀੜਤ ਪਸ਼ੂਆਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਲਗਾਤਾਰ ਪਸ਼ੂ ਪਾਲਕਾਂ ਦੇ ਘਰਾਂ ਤੋਂ ਇਲਾਵਾ ਸਬੰਧਤ ਗਊਸ਼ਾਲਾ, ਨੰਦੀਸ਼ਾਲਾ ਆਦਿ ਵਿਚ ਸਮੇਂ ਸਮੇਂ ਤੇ ਨਿਰੀਖਣ ਕਰਕੇ ਪਸ਼ੂਆਂ ਦਾ ਇਲਾਜ ਕਰ ਰਹੀ ਹੈ। ਦੂਜੇ ਪਾਸੇ ਅੱਜ ਰਤੀਆ ਇਲਾਕੇ ਦੇ ਪਿੰਡ ਕਲੋਠਾ ਵਿਚ ਬੇਸਹਾਰਾ ਢੱਠਿਆਂ ਵਿਚ ਲੰਪੀ ਸਕਿਨ ਦੇ ਲੱਛਣ ਪਾਏ ਜਾਣ ਉਪਰੰਤ ਢੱਠਿਆਂ ਨੂੰ ਰਤੀਆ ਦੀ ਨੰਦੀਸ਼ਾਲਾ ਦੇ ਇਕਾਂਤਵਾਸ ਵਾਰਡ ਵਿਚ ਪਹੁੰਚਾਇਆ ਗਿਆ।