ਗੁਰੂਗ੍ਰਾਮ, 10 ਅਗਸਤ
ਸੀਪੀਆਈ (ਐਮ) ਆਗੂਆਂ ਦੇ 11 ਮੈਂਬਰੀ ਵਫ਼ਦ ਨੇ ਹਾਲ ਹੀ ਵਿੱਚ ਹੋਈ ਫਿਰਕੂ ਹਿੰਸਾ ਦੇ ਪੀੜਤਾਂ ਨਾਲ ਇਕਮੁੱਠਤਾ ਪ੍ਰਗਟਾਉਣ ਲਈ ਅੱਜ ਨੂਹ ਅਤੇ ਗੁਰੂਗ੍ਰਾਮ ਦਾ ਦੌਰਾ ਕੀਤਾ। ਪਾਰਟੀ ਅਗੂਆਂ ਨੇ ਮੰਗ ਕੀਤੀ ਕਿ ਬਜਰੰਗ ਦਲ ਦੇ ਮੈਂਬਰਾਂ ਮੋਨੂੰ ਮਾਨੇਸਰ ਅਤੇ ਬਿੱਟੂ ਬਜਰੰਗੀ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਅਤੇ ਗਊ ਰੱਖਿਆ ਦੇ ਨਾਂ ’ਤੇ ਹਥਿਆਰਬੰਦ ਦਸਤੇ ’ਤੇ ਪਾਬੰਦੀ ਲਗਾਈ ਜਾਵੇ। ਵਫ਼ਦ ਵਿੱਚ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਪੋਲਿਟ ਬਿਊਰੋ ਮੈਂਬਰ ਨੀਲੋਤਪਾਲ ਬਾਸੂ, ਸੰਸਦ ਮੈਂਬਰ ਏ ਏ ਰਹੀਮ, ਵੀ ਸ਼ਿਵਦਾਸਨ ਅਤੇ ਪਾਰਟੀ ਦੇ ਹਰਿਆਣਾ ਸਕੱਤਰੇਤ ਦੇ ਮੈਂਬਰ ਵੀ ਸ਼ਾਮਲ ਸਨ। ਵਫ਼ਦ ਨੇ ਉਨ੍ਹਾਂ ਥਾਵਾਂ ਦਾ ਦੌਰਾ ਵੀ ਕੀਤਾ ਜਿੱਥੇ ਕਈ ਦੁਕਾਨਾਂ ਅਤੇ ਘਰਾਂ ਨੂੰ ਢਾਹਿਆ ਗਿਆ ਸੀ। ਵਫ਼ਦ ਨੇ ਪੀੜਤਾਂ ਨਾਲ ਤੇ ਸ਼ਾਂਤੀ ਕਮੇਟੀ ਦੇ ਮੈਂਬਰਾਂ ਸਿਦੀਕ ਅਹਿਮਦ ਮਿਓ ਅਤੇ ਰਮਜ਼ਾਨ ਚੌਧਰੀ ਨਾਲ ਵੀ ਗੱਲਬਾਤ ਕੀਤੀ। ਵਫ਼ਦ ਨੇ ਗੁਰੂਗ੍ਰਾਮ ਦੇ ਸੈਕਟਰ 57 ਵਿੱਚ ਸਥਿਤ ਅੰਜੁਮਨ ਮਸਜਿਦ ਦਾ ਵੀ ਦੌਰਾ ਕੀਤਾ, ਜਿੱਥੇ ਇਮਾਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। -ਪੀਟੀਆਈ