ਪੱਤਰ ਪ੍ਰੇਰਕ
ਪਿਹੋਵਾ, 12 ਅਕਤੂਬਰ
ਅਰੁਨਾਏ ਰੋਡ ’ਤੇ ਝੁੱਗੀ ’ਤੇ ਦਰੱਖ਼ਤ ਡਿੱਗਣ ਨਾਲ ਮਰਨ ਵਾਲੀਆਂ ਦੋ ਔਰਤਾਂ ਅਤੇ ਇਕ ਪੰਜ ਦਿਨਾਂ ਦੀ ਬੱਚੀ ਦਾ ਬੁੱਧਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਖੇਡ ਮੰਤਰੀ ਸੰਦੀਪ ਸਿੰਘ ਦੇ ਵੱਡੇ ਭਰਾ ਲੈਫ਼ਟੀਨੈਂਟ ਬਿਕਰਮਜੀਤ ਸਿੰਘ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕਰਦਿਆਂ ਦੋ ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ। ਲੈਫ਼ਟੀਨੈਂਟ ਬਿਕਰਮਜੀਤ ਨੇ ਦੱਸਿਆ ਕਿ ਖੇਡ ਮੰਤਰੀ ਕੌਮੀ ਖੇਡਾਂ ਕਾਰਨ ਇਸ ਵੇਲੇ ਗੁਜਰਾਤ ਦੇ ਦੌਰੇ ’ਤੇ ਹਨ, ਪਰ ਉਨ੍ਹਾਂ ਨੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਫੋਨ ’ਤੇ ਹਦਾਇਤ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਕੋਈ ਤਕਲੀਫ਼ ਨਾ ਆਉਣ ਦਿੱਤੀ ਜਾਵੇ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਤੇਜ਼ ਹਵਾਵਾਂ ਕਾਰਨ ਅਰੁਨਾਏ ਰੋਡ ’ਤੇ ਇਕ ਵੱਡਾ ਸਫੈਦੇ ਦਾ ਦਰੱਖ਼ਤਇੱਕ ਝੁੱਗੀ ’ਤੇ ਡਿੱਗ ਗਿਆ ਸੀ, ਜਿਸ ਦੇ ਹੇਠਾਂ ਦੱਬਣ ਕਾਰਨ ਦੋ ਔਰਤਾਂ ਕਰਿਸ਼ਮਾ, ਹੇਮਾ ਅਤੇ ਇੱਕ ਪੰਜ ਦਿਨਾਂ ਦੀ ਬੱਚੀ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਇਹ ਪਰਿਵਾਰ ਕਈ ਸਾਲ ਪਹਿਲਾਂ ਰਾਜਸਥਾਨ ਤੋਂ ਇੱਥੇ ਆ ਕੇ ਵਸਿਆ ਸੀ ਅਤੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ।