ਪੱਤਰ ਪ੍ਰੇਰਕ
ਫਰੀਦਾਬਾਦ, 17 ਨਵੰਬਰ
ਇੱਥੋਂ ਦੇ ਸਨਅਤੀ ਸੈਕਟਰ-6 ਦੀ ਭੁਪਿੰਦਰਾ ਸਟੀਲ ਪਲਾਂਟ ਦੇ ਪਲਾਟ ਨੰਬਰ-25 ਵਿੱਚ ਐਲਪੀਜੀ ਸਿਲੰਡਰ ਵਿੱਚ ਅਚਾਨਕ ਹੋਏ ਧਮਾਕੇ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ 4 ਹੋਰ ਮਜ਼ਦੂਰ ਜ਼ਖ਼ਮੀ ਹੋ ਗਏ। ਬੀਤੀ ਰਾਤ ਇਹ ਸਿਲੰਡਰ ਉਦੋਂ ਫਟਿਆ, ਜਦੋਂ ਅੰਦਰ ਕੰਮ ਚੱਲ ਰਿਹਾ ਸੀ। ਜ਼ਖ਼ਮੀਆਂ ਵਿੱਚੋਂ ਇੱਕ ਨੂੰ ਸੈਕਟਰ-8 ਦੇ ਸਰਵੋਧਿਆ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਗੰਭੀਰ ਜ਼ਖ਼ਮੀ 4 ਮਜ਼ਦੂਰਾਂ ਨੂੰ ਦਿੱਲੀ ਦੇ ਸਫ਼ਦਰਜ਼ੰਗ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਮਜ਼ਦੂਰ ਦੀ ਪਛਾਣ ਸਾਹਿਬ (45) ਵਜੋਂ ਹੋਈ, ਜੋ ਬੱਲਭਗੜ੍ਹ ਦੀ ਚਾਵਲਾ ਕਲੋਨੀ ਦਾ ਰਹਿਣ ਵਾਲਾ ਸੀ। ਹਾਦਸੇ ਮਗਰੋਂ ਕੰਪਨੀ ਨੂੰ ਕੰਮ ਬੰਦ ਕਰਨਾ ਪਿਆ ਤੇ ਮਜ਼ਦੂਰ ਹਸਪਤਾਲ ਵਿੱਚ ਪਹੁੰਚਣ ਲੱਗੇ। ਪੁਲੀਸ ਵੀ ਮੌਕੇ ਉਪਰ ਪਹੁੰਚੀ ਹੋਈ ਸੀ।