ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 3 ਨਵੰਬਰ
ਡੀਏਪੀ ਖਾਦ ਕਿਸਾਨਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਡੀਏਪੀ ਨੂੰ ਲੈ ਕੇ ਹਰ ਪਾਸੇ ਮਾਰੋ-ਮਾਰੀ ਚੱਲ ਰਹੀ ਹੈ। ਸਵੇਰ ਤੋਂ ਸ਼ਾਮ ਤੱਕ ਕਿਸਾਨ ਡੀਏਪੀ ਲਈ ਪੈਕਸਾਂ ਅਤੇ ਖਰੀਦ ਕੇਂਦਰਾਂ ਦੇ ਬਾਹਰ ਉਡੀਕ ’ਚ ਬੈਠੇ ਰਹਿੰਦੇ ਹਨ। ਜਿਉਂ ਹੀ ਪਿੰਡ ਪੰਨੀਵਾਲਾ ਮੋਟਾ ਦੇ ਕਿਸਾਨਾਂ ਨੂੰ ਪੈਕਸ ਵਿੱਚ ਖਾਦ ਆਉਣ ਦੀ ਸੂਚਨਾ ਮਿਲੀ ਤਾਂ ਸਵੇਰੇ ਹੀ ਵੱਡੀ ਗਿਣਤੀ ਵਿੱਚ ਕਿਸਾਨ ਪੈਕਸ ਦੇ ਬਾਹਰ ਇਕੱਠੇ ਹੋ ਗਏ ਅਤੇ ਪੈਕਸ ਖੁੱਲ੍ਹਣ ਤੋਂ ਪਹਿਲਾਂ ਹੀ ਭਾਰੀ ਭੀੜ ਇਕੱਠੀ ਹੋ ਗਈ। ਕਿਸਾਨ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤੱਕ ਗਰਮੀ ’ਚ ਬਾਹਰ ਬੈਠੇ ਰਹੇ। 7 ਘੰਟੇ ਭੁੱਖੇ-ਪਿਆਸੇ ਬੈਠਣ ਤੋਂ ਬਾਅਦ ਜਿਹੜੇ ਕਿਸਾਨ ਪੈਕਸ ਦੇ ਖਾਤਾ ਧਾਰਕ ਸਨ, ਉਨ੍ਹਾਂ ਨੂੰ ਖਾਦ ਦਾ ਸਿਰਫ਼ ਇੱਕ ਗੱਟਾ ਡੀਏਪੀ ਖਾਦ ਦਾ ਮਿਲਿਆ ਅਤੇ ਬਾਕੀ ਕਿਸਾਨਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਪੈਕਸ ’ਤੇ 500 ਥੈਲੇ ਖਾਦ ਆ ਚੁੱਕੀ ਹੈ ਜਦਕਿ ਪੈਕਸ ਦੇ 450 ਖਾਤਾਧਾਰਕ ਹਨ। ਖਾਦ ਲੈਣ ਲਈ ਵੱਡੀ ਗਿਣਤੀ ਵਿੱਚ ਕਿਸਾਨ ਉੱਥੇ ਪੁੱਜੇ ਹੋਏ ਸਨ। ਪੰਨੀਵਾਲਾ ਮੋਟਾ ਪੈਕਸ ਅਧੀਨ ਪਿੰਡ ਘੁੱਕਿਆਂਵਾਲੀ, ਰੋਹੀੜਾਂਵਾਲੀ ਅਤੇ ਬਣਵਾਲਾ ਸਮੇਤ 4 ਸੈੱਲ ਪੁਆਇੰਟ ਹਨ ਜਿਸ ’ਤੇ ਘੁੱਕਿਆਂਵਾਲੀ ਵਿਖੇ 250 ਬੋਰੀਆਂ, ਰੋਹੀੜਾਂਵਾਲੀ ਵਿੱਚ 500, ਪੰਨੀਵਾਲਾ ਮੋਟਾ ਵਿੱਚ 500 ਅਤੇ ਬਣਵਾਲਾ ਸੇਲ ਪੁਆਇੰਟ ਵਿਖੇ 500 ਬੋਰੀਆਂ ਖਾਦ ਪ੍ਰਾਪਤ ਹੋਈ। ਘੁੱਕਿਆਂਵਾਲੀ ਅਤੇ ਪੰਨੀਵਾਲਾ ਮੋਟਾ ਵਿੱਚ ਹਰੇਕ ਕਿਸਾਨ ਨੂੰ ਉਸ ਦੇ ਖਾਤੇ ਅਨੁਸਾਰ ਸਿਰਫ਼ 1 ਥੈਲਾ ਖਾਦ ਦਿੱਤੀ ਗਈ। ਜਦਕਿ ਬਨਵਾਲਾ ਵਿੱਚ ਕਿਸਾਨਾਂ ਨੂੰ ਸਿਰਫ਼ 1 ਤੋਂ 2 ਥੈਲੇ ਹੀ ਖਾਦ ਮਿਲੀ ਹੈ। ਪੰਨੀਵਾਲਾ ਮੋਟਾ ਪੈਕਸ ਦੇ ਮੈਨੇਜਰ ਰਾਏ ਸਿੰਘ ਨੇ ਦੱਸਿਆ ਕਿ ਖਾਦ ਦੀਆਂ 2 ਹਜ਼ਾਰ ਬੋਰੀਆਂ ਦੀ ਮੰਗ ਭੇਜੀ ਗਈ ਸੀ। ਉਮੀਦ ਹੈ ਕਿ ਛੇਤੀ ਹੀ ਦੂਜਾ ਰੈਕ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਨੀਵਾਲਾ ਮੋਟਾ ਵਿੱਚ ਕਰੀਬ 20 ਦਿਨ ਪਹਿਲਾਂ ਖਾਦ ਦੀ ਆਮਦ ਹੋਈ ਸੀ, ਜਦੋਂਕਿ ਬਣਵਾਲਾ ਅਤੇ ਰੋਹੀੜਾਂਵਾਲੀ ਵਿੱਚ ਪਹਿਲੀ ਵਾਰ ਖਾਦ ਪੁੱਜੀ ਸੀ। ਪੈਕਸ ਨਾਲ ਸਹੀ ਲੈਣ-ਦੇਣ ਕਰਨ ਵਾਲੇ ਖਾਤਾ ਧਾਰਕਾਂ ਨੂੰ ਪਹਿਲ ਦੇ ਆਧਾਰ ’ਤੇ ਕ੍ਰੈਡਿਟ ਦਿੱਤਾ ਜਾ ਰਿਹਾ ਹੈ। ਪੰਨੀਵਾਲਾ ਮੋਟਾ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਘੰਟਿਆਂਬੱਧੀ ਲਾਈਨ ਵਿੱਚ ਖੜ੍ਹਨ ਤੋਂ ਬਾਅਦ ਇੱਕ-ਇੱਕ ਥੈਲੀ ਖਾਦ ਦਿੱਤੀ ਗਈ ਹੈ। ਉਨ੍ਹਾਂ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ, ਕਿਸਾਨਾਂ ਨੂੰ ਹਰ ਵਾਰ ਖਾਦ ਲਈ ਇਸ ਤਰ੍ਹਾਂ ਮੁਸ਼ੱਕਤ ਕਰਨੀ ਪੈਂਦੀ ਹੈ।