ਪ੍ਰਭੂ ਦਿਆਲ
ਸਿਰਸਾ, 8 ਨਵੰਬਰ
ਡੀਏਪੀ ਖਾਦ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਨੇ ਸਿਰਸਾ-ਬਰਨਾਲਾ ਰੋਡ ’ਤੇ ਜਾਮ ਲਾ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਰੋਡ ਜਾਮ ਕੀਤੇ ਜਾਣ ਕਾਰਨ ਵਾਹਨਾਂ ਨੂੰ ਬਦਲਵੇਂ ਰਾਹਾਂ ਤੋਂ ਜਾਣਾ ਪਿਆ। ਬਾਅਦ ਵਿੱਚ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਤੇ ਚਿਤਾਵਨੀ ਦਿੱਤੀ ਕਿ ਜੇਕਰ ਇਕ-ਦੋ ਦਿਨਾਂ ’ਚ ਖਾਦ ਦੀ ਮੰਗ ਪੂਰੀ ਨਾ ਹੋਈ ਤਾਂ ਉਹ ਮਿਨੀ ਸਕੱਤਰੇਤ ਦਾ ਘੇਰਾਓ ਕਰਨਗੇ। ਡੀਏਪੀ ਖਾਦ ਨਾ ਮਿਲਣ ਤੋਂ ਰੋਹ ਵਿੱਚ ਆਏ ਕਿਸਾਨ ਸ਼ਹੀਦ ਭਗਤ ਸਿੰਘ ਸਟੇਡੀਅਮ ’ਚ ਪੱਕੇ ਮੋਰਚੇ ਵਾਲੀ ਥਾਂ ਇਕੱਠੇ ਹੋਏ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਿਰਸਾ ਬਰਨਾਲਾ ਰੋਡ ’ਤੇ ਜਾਮ ਲਾ ਦਿੱਤਾ। ਜਾਮ ਲਾਏ ਜਾਣ ਦੀ ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੀ ਮੰਗ ’ਤੇ ਅੜੇ ਰਹੇ। ਬਾਅਦ ਵਿੱਚ ਵਾਹਨਾਂ ਨੂੰ ਬਦਲਵੇਂ ਰਾਹਾਂ ’ਤੋਂ ਅੱਗੇ ਤੋਰਿਆ ਗਿਆ। ਇਸ ਦੌਰਾਨ ਕਿਸਾਨ ਆਗੂ ਲਖਵਿੰਦਰ ਅਲੀਕਾਂ ਤੇ ਸਤਪਾਲ ਸਿੰਘ ਨੇ ਦੱਸਿਆ ਕਿ ਹਾੜੀ ਦੀ ਬਿਜਾਈ ਦਾ ਸਮਾਂ ਹੈ ਪਰ ਕਿਸਾਨਾਂ ਨੂੰ ਡੀਏਪੀ ਖਾਦ ਨਾ ਮਿਲਣ ਕਾਰਨ ਬਿਜਾਈ ਦਾ ਕੰਮ ਪੱਛੜ ਰਿਹਾ ਹੈ।