ਜੋਗਿੰਦਰ ਸਿੰਘ ਮਾਨ/ਪ੍ਰਭੂ ਦਿਆਲ
ਮਾਨਸਾ/ਸਿਰਸਾ, 2 ਨਵੰਬਰ
ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਬਿਜਾਈ ਦੇ ਦਿਨ ਸਿਰ ’ਤੇ ਹਨ ਪਰ ਮਾਲਵਾ ਖੇਤਰ ਦੇ ਬਾਜ਼ਾਰਾਂ ਵਿੱਚ ਡੀਏਪੀ ਖਾਦ ਦੀ ਘਾਟ ਕਾਰਨ ਅੰਨਦਾਤਾ ਪ੍ਰੇਸ਼ਾਨ ਹੋਣ ਲੱਗਿਆ ਹੈ। ਬਾਜ਼ਾਰ ਵਿੱਚ ਕਿਸਾਨਾਂ ਨੂੰ ਇਹ ਖਾਦ ਨਹੀਂ ਮਿਲ ਰਹੀ ਹੈ ਅਤੇ ਚੋਰ ਬਾਜ਼ਾਰੀ ਵਿੱਚ ਕਿਸਾਨ ਮਹਿੰਗੇ ਭਾਅ ਦੀ ਖਾਦ ਹਾਸਲ ਕਰਨ ਲੱਗੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਉਸ ਪਾਸੇ ਕੇਂਦਰ ਸਰਕਾਰ ਵੱਲੋਂ ਜ਼ਿਆਦਾ ਡੀਏਪੀ ਖਾਦ ਭੇਜੀ ਦਿੱਤੀ ਗਈ ਹੈ ਅਤੇ ਪੰਜਾਬ ਐਤਕੀਂ ਆਮ ਦੇ ਮੁਕਾਬਲੇ ਬਹੁਤ ਘੱਟ ਖਾਦ ਆਈ ਹੈ ਅਤੇ ਜਿਹੜੀ ਆਈ ਹੈ, ਉਹ ਬਰਨਾਲਾ ਅਤੇ ਗਿੱਦੜਬਾਹਾ ਜ਼ਿਮਨੀ ਚੋਣ ਵਾਲੇ ਇਲਾਕਿਆਂ ਵਿੱਚ ਜਾਣ ਲੱਗੀ ਹੈ। ਇਸੇ ਦੌਰਾਨ ਸਰ੍ਹੋਂ ਤੇ ਕਣਕ ਦੀ ਬਿਜਾਈ ਲਈ ਜ਼ਰੂਰੀ ਡੀਏਪੀ ਖਾਦ ਦੀ ਕਿੱਲਤ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਸਿਰਸਾ-ਡੱਬਵਾਲੀ ਰੋਡ ਜਾਮ ਕਰਕੇ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਸਿਰਸਾ ਤੋਂ ਚੁਣੇ ਗਏ ਵਿਧਾਇਕ ਗੋਕੁਲ ਸੇਤੀਆ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਸਾਨਾਂ ਦੇ ਸੰਘਰਸ਼ ’ਚ ਸ਼ਾਮਲ ਹੋਏ। ਵਿਧਾਇਕ ਗੋਕੁਲ ਸੇਤੀਆ ਕਿਸਾਨਾਂ ਦੇ ਸੰਘਰਸ਼ ’ਚ ਸ਼ਾਮਲ ਹੋਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗੋਕੁਲ ਸੇਤੀਆ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਉਦਾਸੀਨਤਾ ਕਾਰਨ ਕਿਸਾਨਾਂ ਨੂੰ ਡੀਏਪੀ ਲੈਣ ਲਈ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਸਰਕਾਰ ਤੇ ਪ੍ਰਸ਼ਾਸਨ ਨੂੰ ਪੱਤਾ ਹੈ ਕਿ ਕਣਕ ਤੇ ਸਰ੍ਹੋਂ ਦੀ ਬਿਜਾਈ ਲਈ ਡੀਏਪੀ ਖਾਦ ਦੀ ਲੋੜ ਹੈ ਤਾਂ ਉਨ੍ਹਾਂ ਨੇ ਸਮਾਂ ਰਹਿੰਦਿਆਂ ਖਾਦ ਦਾ ਸਟਾਕ ਪੂਰਾ ਕਿਉਂ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜਾਣ-ਬੁੱਝ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ’ਤੇ ਤੁਲੀ ਹੋਈ ਹੈ। ਜਾਮ ਲੱਗਣ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਮ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਪਰ ਕਾਫੀ ਦੇਰ ਤੱਕ ਕਿਸਾਨ ਆਪਣੀ ਮੰਗ ’ਤੇ ਅੜੇ ਰਹੇ।
ਕਿਸਾਨਾਂ ਨੇ ਅਧਿਕਾਰੀ ਦੇ ਭਰੋਸੋ ਮਗਰੋਂ ਖੋਲ੍ਹਿਆ ਜਾਮ
ਸੜਕ ਜਾਮ ਕੀਤੇ ਜਾਣ ਕਾਰਨ ਰਾਹਗੀਰਾਂ ਨੂੰ ਕਾਫੀ ਦੇਰ ਤੱਕ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਪਰਤ ਖੇਤੀਬਾੜੀ ਦੇ ਅਧਿਕਾਰੀ ਡਾ. ਸੁਖਦੇਵ ਕੰਬੋਜ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਸੋਮਵਾਰ ਤੱਕ ਕਿਸਾਨਾਂ ਨੂੰ ਲੋੜ ਮੁਤਾਬਕ ਡੀਏਪੀ ਖਾਦ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਮੁਤਾਬਕ ਹੀ ਖਾਦ ਲੈਣ। ਉਨ੍ਹਾਂ ਕਿਹਾ ਕਿ ਹਾਲੇ ਕਣਕ ਦੀ ਬਿਜਾਈ ’ਚ ਕਾਫੀ ਸਮਾਂ ਪਿਆ ਹੈ ਅਤੇ ਕਣਕ ਦੀ ਬਿਜਾਈ ਤੱਕ ਸਾਰੇ ਕਿਸਾਨਾਂ ਨੂੰ ਲੋੜੀਂਦੀ ਖਾਦ ਮੁਹੱਈਆ ਕਰਵਾਈ ਜਾਵੇਗੀ। ਮਗਰੋਂ ਕਿਸਾਨਾਂ ਨੇ ਜਾਮ ਖੋਲ੍ਹ ਦਿੱਤਾ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜਿਹੜੇ ਕਿਸਾਨਾਂ ਦੀਆਂ ਪਰਚੀਆਂ ਕੱਟੀਆਂ ਹੋਈਆਂ ਹਨ, ਉਨ੍ਹਾਂ ਨੂੰ ਸੋਮਵਾਰ ਤੱਕ ਡੀਏਪੀ ਨਾ ਮਿਲੀ ਤਾਂ ਉਹ ਮੁੜ ਤੋਂ ਰੋਡ ਜਾਮ ਕਰਨ ਲਈ ਮਜਬੂਰ ਹੋਣਗੇ।