ਨਿੱਜੀ ਪੱਤਰ ਪ੍ਰੇਰਕ
ਸਿਰਸਾ, 23 ਅਕਤੂਬਰ
ਇੱਥੋਂ ਦੀ ਦਾਣਾ ਮੰਡੀ ਵਿੱਚੋਂ ਚੋਰਾਂ ਨੇ ਦਿਨ ਦਿਹਾੜੇ ਝੋਨਾ ਚੋਰੀ ਕਰ ਲਿਆ। ਖਾਸ ਗੱਲ ਇਹ ਹੈ ਕਿ ਜਿਨ੍ਹਾਂ ਦੁਕਾਨਾਂ ਦੇ ਸਾਹਮਣੇ ਚੋਰਾਂ ਨੇ ਝੋਨਾ ਚੋਰੀ ਕੀਤਾ ਹੈ, ਉਨ੍ਹਾਂ ’ਚ ਮੰਡੀ ਪ੍ਰਧਾਨ ਮਨੋਹਰ ਮਹਿਤਾ ਦੀ ਦੁਕਾਨ ਵੀ ਸ਼ਾਮਲ ਹੈ। ਚੋਰੀ ਦੀ ਇਸ ਘਟਨਾ ਤੋਂ ਬਾਅਦ ਜਿੱਥੇ ਆੜ੍ਹਤੀਆਂ ਵਿੱਚ ਡਰ ਦਾ ਮਾਹੌਲ ਹੈ, ਉੱਥੇ ਹੀ ਪ੍ਰਸ਼ਾਸਨ ਪ੍ਰਤੀ ਵੀ ਗੁੱਸਾ ਹੈ। ਆੜ੍ਹਤੀਆ ਐਸੋਸੀਏਸ਼ਨ ਦੇ ਮੁਖੀ ਮਨੋਹਰ ਮਹਿਤਾ ਅਤੇ ਸਹਿ ਸਕੱਤਰ ਮਹਾਵੀਰ ਸ਼ਰਮਾ ਨੇ ਐਸਪੀ ਵਿਕਰਾਂਤ ਭੂਸ਼ਣ ਨਾਲ ਮੁਲਾਕਾਤ ਕਰਕੇ ਸ਼ਿਕਾਇਤ ਕੀਤੀ ਹੈ। ਪ੍ਰਧਾਨ ਮਨੋਹਰ ਮਹਿਤਾ ਨੇ ਦੱਸਿਆ ਕਿ ਮੰਡੀ ਵਿੱਚ ਸਾਰੀਆਂ ਦੁਕਾਨਾਂ ਅੱਗੇ ਝੋਨੇ ਦੀਆਂ ਭਰੀਆਂ ਬੋਰੀਆਂ ਰੱਖੀਆਂ ਹੋਈਆਂ ਹਨ। ਬੀਤੇ ਦਿਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਿਨ ਦਿਹਾੜੇ ਚਾਰ ਦੁਕਾਨਾਂ ਤੋਂ ਝੋਨੇ ਦੀਆਂ ਬੋਰੀਆਂ ਚੋਰੀ ਕਰ ਲਈਆਂ। ਚੋਰ ਝੋਨੇ ਦੀ ਬੋਰੀ ਮੋਟਰ ਸਾਈਕਲ ’ਤੇ ਲੱਦ ਕੇ ਲੈ ਗਏ। ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।