ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਸਤੰਬਰ
ਅੰਬਾਲਾ ਸ਼ਹਿਰ ਦੇ ਕਮਲ ਵਿਹਾਰ ਵਿੱਚ ਘਰ ਅੰਦਰ ਖੇਡ ਰਹੇ ਪੰਜ ਸਾਲਾ ਬੱਚੇ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਧਰੁਵ ਨਾਂ ਦਾ ਬੱਚਾ ਵਿਜੈ ਵੱਲਭ ਆਪਣੇ ਘਰ ਵਿਚ ਤੌਲੀਏ ਨਾਲ ਖੇਡ ਰਿਹਾ ਸੀ ਕਿ ਉਸ ਦੀ ਧੌਣ ਤੌਲੀਏ ਵਿੱਚ ਫਸ ਗਈ। ਇਸ ਸਬੰਧੀ ਰਾਜੇਸ਼ ਅਹੂਜਾ ਨੇ ਦੱਸਿਆ ਕਿ ਉਸ ਦਾ ਪੁੱਤਰ ਧਰੁਵ ਘਰ ਵਿੱਚ ਸੀ ਜਦੋਂਕਿ ਉਹ ਦੋਵੇਂ ਪਤੀ-ਪਤਨੀ ਕੰਮ ’ਤੇ ਗਏ ਹੋਏ ਸਨ। ਇਸੇ ਦੌਰਾਨ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਕਿ ਉਨ੍ਹਾਂ ਦੇ ਘਰੋਂ ਲੜਕੇ ਦੀਆਂ ਚੀਕਾਂ ਦੀ ਆਵਾਜ਼ ਆ ਰਹੀ ਹੈ। ਉਹ ਤੁਰੰਤ ਘਰ ਪੁੱਜਾ ਤੇ ਦੇਖਿਆ ਧਰੁਵ ਤੌਲੀਏ ਨਾਲ ਲਟਕਿਆ ਹੋਇਆ ਸੀ ਅਤੇ ਉਸ ਦੀ ਧੌਣ ਤੌਲੀਏ ਵਿਚ ਫਸੀ ਹੋਈ ਸੀ। ਉਨ੍ਹਾਂ ਬੱਚੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।