ਪੱਤਰ ਪ੍ਰੇਰਕ
ਕਾਲਾਂਵਾਲੀ, 13 ਅਕਤੂਬਰ
ਇੱਥੇ ਅੱਜ ਸਵੇਰੇ ਇੱਕ ਔਰਤ ਅਤੇ ਉਸ ਦੀ ਧੀ ਦੀ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਾਲਾਂਵਾਲੀ ਦੇ ਵਾਰਡ 15 ਦੀ ਗੁਰਦੁਆਰਾ ਬਸਤੀ ਵਿੱਚ ਰਹਿਣ ਵਾਲੀ ਸਪਨਾ (26) ਅਤੇ ਉਸ ਦੀ ਡੇਢ ਸਾਲ ਦੀ ਧੀ ਕਿ੍ਰਤਿਕਾ ਦੀ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਨਾਲ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ। ਉਸ ਸਮੇਂ ਘਰ ’ਚ ਔਰਤ ਸਪਨਾ, ਉਸ ਦੀ ਸੀ ਡੇਢ ਸਾਲ ਦੀ ਬੇਟੀ ਕ੍ਰਿਤਿਕਾ ਤੋਂ ਇਲਾਵਾ ਉਸ ਦੀ ਸੱਸ ਵਿਮਲਾ ਸੀ। ਵਿਮਲਾ ਬਿਮਾਰ ਹੈ ਅਤੇ ਮੰਜੇ ’ਤੇ ਪਈ ਹੈ। ਸਵੇਰੇ ਜਦੋਂ ਉਸ ਨੇ ਆਪਣੀ ਪੋਤੀ ਨੂੰ ਦੇਖਿਆ ਕਿ ਉਸ ਨੂੰ ਉਲਟੀਆਂ ਆ ਰਹੀਆਂ ਹਨ, ਇਸ ਦੌਰਾਨ ਉਸ ਦੀ ਨੂੰਹ ਨੂੰ ਵੀ ਉਲਟੀਆਂ ਆਉਣ ਲੱਗੀਆਂ। ਇਸ ਤੋਂ ਬਾਅਦ ਵਿਮਲਾ ਨੇ ਆਪਣੇ ਪਤੀ ਬੀਰਵਾਲ ਦਾਸ ਨੂੰ ਸੂਚਿਤ ਕੀਤਾ। ਬੀਰਵਾਲ ਨੇ ਨੂੰਹ-ਧੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਕੁਝ ਦੇਰ ਬਾਅਦ ਦੋਵਾਂ ਦੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਸਪਨਾ ਦੇ ਪਤੀ ਸੁਖਵਿੰਦਰ ਰੰਗ ਰੋਗਨ ਦਾ ਕੰਮ ਕਰਦਾ ਹੈ ਅਤੇ ਅੱਜ ਉਹ ਦਿਹਾੜੀ ਕਰਨ ਲਈ ਬਠਿੰਡਾ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਣ ’ਤੇ ਕਾਲਾਂਵਾਲੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।