ਰਤਨ ਸਿੰਘ ਢਿੱਲੋਂ
ਅੰਬਾਲਾ, 18 ਫਰਵਰੀ
ਸ਼ਹਿਰ ਵਿਚ ਵਾਪਰੇ ਦੋ ਸੜਕ ਹਾਦਸਿਆਂ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਹੈ। ਪਹਿਲਾ ਹਾਦਸਾ ਬੀਤੀ ਦੇਰ ਸ਼ਾਮ ਨੂੰ ਅੰਬਾਲਾ-ਹਿਸਾਰ ਰੋਡ ’ਤੇ ਰੂੰ ਨਾਲ ਲੱਦਿਆ ਟਰੱਕ ਪਲਟ ਜਾਣ ਕਰਕੇ ਵਾਪਰਿਆ। ਇਸ ਟਰੱਕ ਦੇ ਅੱਗੇ ਟਰੈਕਟਰ-ਟਰਾਲੀ ਜਾ ਰਹੀ ਸੀ ਜਿਸ ਵਿਚ ਵੱਜਣ ਨਾਲ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਅਤੇ ਟਰੱਕ ਦਾ ਕਲੀਨਰ ਹੇਠਾਂ ਦੱਬਿਆ ਗਿਆ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਟਰੱਕ ਕਲੀਨਰ ਗੁਜਰਾਤ ਦਾ ਰਹਿਣ ਵਾਲਾ ਸੀ। ਕਰੇਨ ਦੀ ਮਦਦ ਨਾਲ ਟਰੱਕ ਰਸਤੇ ਵਿਚੋਂ ਹਟਾ ਕੇ ਥੱਲਿਉਂ ਕਲੀਨਰ ਦੀ ਲਾਸ਼ ਕੱਢੀ ਗਈ।
ਦੂਜੇ ਹਾਦਸੇ ਵਿਚ ਡਿਫੈਂਸ ਕਲੋਨੀ ਵਾਸੀ ਸੋਨੂੰ (27) ਦੀ ਮੌਤ ਹੋ ਗਈ। ਉਸ ਦੇ ਪਿਤਾ ਸੇਵਾ-ਮੁਕਤ ਸੂਬੇਦਾਰ ਰਾਮ ਨਰੇਸ਼ ਨੇ ਛਾਉਣੀ ਥਾਣੇ ਵਿਚ ਸ਼ਿਕਾਇਤ ਦੇ ਕੇ ਕਿਹਾ ਕਿ ਉਸ ਦਾ ਬੇਟਾ ਮੈਟਰੋ ਮੋਟਰਸ ਵਿਚ ਬਤੌਰ ਸੇਲਜ਼ਮੈਨ ਕੰਮ ਕਰਦਾ ਸੀ। ਰਾਤ 7.30 ਵਜੇ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤਾਂ ਜੀਓਸੀ ਬੰਗਲੇ ਤੋਂ ਅੱਗੇ ਆਰਮੀ ਨਾਕੇ ਲਾਗੇ ਡਿਫੈਂਸ ਕਲੋਨੀ ਵੱਲੋਂ ਆ ਰਹੇ ਮੋਟਰਸਾਈਕਲ ਚਾਲਕ ਨੇ ਸਿੱਧੀ ਟੱਕਰ ਉਸ ਦੇ ਮੋਟਰਸਾਈਕਲ ਨੂੰ ਮਾਰ ਦਿੱਤੀ। ਜ਼ਖ਼ਮੀ ਸੋਨੂੰ ਨੂੰ ਸਿਵਲ ਹਸਪਤਾਲ ਤੋਂ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਹਾਦਸੇ ਦੇ ਜ਼ਖ਼ਮੀ ਨੇ ਤੋੜਿਆ ਦਮ
ਖਰੜ (ਸ਼ਸ਼ੀ ਪਾਲ ਜੈਨ): ਮੋਟਰਸਾਈਕਲ ਸਵਾਰ ਪਰਵਾਸੀ ਵਿਅਕਤੀ ਕਮਲੇਸ਼ ਦੀ ਇੱਕ ਹੋਰ ਮੋਟਰਸਾਈਕਲ ਨਾਲ ਟੱਕਰ ਹੋ ਗਈ ਸੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ। ਬੀਤੇ ਦਿਨ ਇਲਾਜ ਦੌਰਾਨ ਚੰਡੀਗੜ੍ਹ ਦੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਸ ਦੇ ਭਤੀਜੇ ਰਿੰਕੂ ਪਟੇਲ ਦੀ ਸ਼ਿਕਾਇਤ ’ਤੇ ਪੁਲੀਸ ਨੇ ਮੋਟਰਸਾਈਕਲ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ।