ਪੱਤਰ ਪ੍ਰੇਰਕ
ਕਾਲਾਂਵਾਲੀ, 30 ਜੂਨ
ਕਾਲਾਂਵਾਲੀ ਦੇ ਰੇਲਵੇ ਸਟੇਸ਼ਨ ’ਤੇ ਝਾੜੀਆਂ ਵਿੱਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਲਾਸ਼ ਨੇੜਿਓਂ ਇੱਕ ਸਰਿੰਜ ਵੀ ਬਰਾਮਦ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਉਸੇ ਸਰਿੰਜ ਤੋਂ ਨਸ਼ੇ ਦੀ ਓਵਰਡੋਜ਼ ਲੈ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਹੈ। ਪੁਲੀਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ। ਪੁਲੀਸ ਨੇ ਲਾਸ਼ ਕੋਲੋਂ ਇਕ ਖਾਲੀ ਸ਼ਰਾਬ ਦੀ ਬੋਤਲ ਅਤੇ ਸਰਿੰਜ ਬਰਾਮਦ ਕੀਤੀ ਹੈ। ਪੁਲੀਸ ਮੁਤਾਬਕ ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮ੍ਰਿਤਕ ਦੀ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ।