ਸਤਪਾਲ ਰਾਮਗੜ੍ਹੀਆ
ਪਿਹੋਵਾ, 4 ਜਨਵਰੀ
ਇਥੇ ਸੂਬਾ ਸਰਕਾਰ ਵੱਲੋਂ ਮਹਾਮਾਰੀ ਅਲਰਟ ਸੁਰੱਖਿਤ ਹਰਿਆਣਾ ਤਹਿਤ ਜਾਰੀ ਹਦਾਇਤਾਂ ਨੂੰ 12 ਜਨਵਰੀ ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਮਾਸਕ ਨਾ ਪਹਿਨਣ ਵਾਲੇ ਵਿਅਕਤੀ ਨੂੰ 500 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ, ਇੰਨਾ ਹੀ ਨਹੀਂ ਜੇਕਰ ਕਿਸੇ ਸੰਸਥਾ ਵਿਚ ਮਹਾਮਾਰੀ ਅਲਰਟ ਸੁਰੱਖਿਤ ਹਰਿਆਣਾ ਤਹਿਤ ਜਾਰੀ ਹਦਾਇਤਾਂ ਦੀ ਉਲੰਘਣਾ ਹੁੰਦੀ ਹੈ ਤਾਂ 5 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਮੰਗਲਵਾਰ ਨੂੰ ਬੀਡੀਪੀਓ ਰਾਜੇਸ਼ ਕੁਮਾਰ ਨੇ ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਦੇ ਚਲਾਨ ਕੱਟਣ ਤੋਂ ਬਾਅਦ ਉਨ੍ਹਾਂ ਨੂੰ ਕੋਵਿਡ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 51 ਤੋਂ 60 ਅਤੇ ਆਈਪੀਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਰ ਵਿਅਕਤੀ ਲਈ ਕੋਵਿਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਜ਼ਰੂਰੀ ਹਨ, ਜਿਸ ਵਿਅਕਤੀ ਕੋਲ ਦੋਵੇਂ ਖੁਰਾਕਾਂ ਨਹੀਂ ਹਨ, ਉਨ੍ਹਾਂ ਨੂੰ ਜਨਤਕ ਥਾਵਾਂ ਅਤੇ ਸਰਕਾਰੀ ਦਫਤਰਾਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੀਡੀਪੀਓ ਨੇ ਕਿਹਾ ਕਿ ਮਾਸਕ ਦੀ ਵਰਤੋਂ ਕਰਨਾ ਯਕੀਨੀ ਬਣਾਓ, ਸੈਨੇਟਾਈਜ਼ਰ ਨਾਲ ਵਾਰ-ਵਾਰ ਹੱਥ ਧੋਵੋ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰੋ।
ਰਾਤ ਦਾ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ, ਹਰ ਕੋਈ ਇਸ ਦੀ ਪਾਲਣਾ ਵੀ ਕਰੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੋਵਿਡ ਦਾ ਟੀਕਾ ਲਗਵਾਉਣ ਅਤੇ ਜਿਨ੍ਹਾਂ ਲੋਕਾਂ ਕੋਲ ਟੀਕਾ ਲਗਵਾਉਣਾ ਬਕਾਇਆ ਹੈ, ਉਹ ਤੁਰੰਤ ਟੀਕਾ ਲਗਵਾਉਣ ਅਤੇ ਜਿਹੜੇ ਲੋਕ ਟੀਕਾਕਰਨ ਕਰਵਾ ਚੁੱਕੇ ਹਨ, ਉਹ ਆਪਣਾ ਸਰਟੀਫਿਕੇਟ ਹਮੇਸ਼ਾ ਆਪਣੇ ਕੋਲ ਰੱਖਣ।
ਉਨ੍ਹਾਂ ਦੱਸਿਆ ਕਿ ਵਟਸਐਪ ਨੰਬਰ 9013151515 ’ਤੇ ਕੋਈ ਵੀ ਵਿਅਕਤੀ ਜਿਸ ਨੇ ਟੀਕਾ ਲਗਵਾਇਆ ਹੈ, ਮੈਸੇਜ ਕਰਕੇ ਆਪਣਾ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਐਸਐਚਓ ਪ੍ਰਤੀਕ ਕੁਮਾਰ ਸਮੇਤ ਸਬੰਧਤ ਅਧਿਕਾਰੀ ਹਾਜ਼ਰ ਸਨ।