ਸਰਬਜੋਤ ਸਿੰਘ
ਕੁਰੂਕਸ਼ੇਤਰ, 17 ਜੂਨ
ਕੋਵਿਡ-19 ਕਾਰਨ ਦੇਸ਼ ਭਰ ’ਚ ਕੀਤੀ ਤਾਲਾਬੰਦੀ ਦੌਰਾਨ ਬਿਜਲੀ-ਪਾਣੀ ਦੇ ਬਿੱਲ ਅਤੇ ਹਾਊਸ ਟੈਕਸ ਮੁਆਫ ਕੀਤਾ ਜਾਏ। ਇਹ ਮੰਗ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਰਿਆਣਾ ਦੇ ਰਾਜਪਾਲ ਦੇ ਨਾਮ ਸੌਂਪੇ ਗਏ ਮੰਗ ਪੱਤਰ ਵਿੱਚ ਕੀਤੀ ਗਈ ਹੈ।
ਮੰਗ ਪੱਤਰ ਦੇਣ ਵਾਲਿਆਂ ਵਿਚ ਹਰਿਆਣਾ ਪ੍ਰਦੇਸ਼ ਕਾਂਗਰਸ ਅਨੁਸੂਚਿਤ ਜਾਤੀ ਵਿਭਾਗ ਦੀ ਕਾਰਜਕਾਰੀ ਪ੍ਰਧਾਨ ਰੀਨਾ ਵਾਲਮੀਕੀ, ਪਾਰਟੀ ਮਹਿਲਾ ਵਿੰਗ ਦੀ ਸੂਬਾਈ ਮੀਤ ਪ੍ਰਧਾਨ ਸੁਨੀਤਾ ਨਹਿਰਾ, ਪਾਰਟੀ ਮਹਿਲਾ ਵਿੰਗ ਦੀ ਸੂਬਾਈ ਜਨਰਲ ਸਕੱਤਰ ਨੀਲਮ ਰਾਣੀ, ਜ਼ਿਲ੍ਹਾ ਪ੍ਰਧਾਨ ਨਿਸ਼ੀ ਗੁਪਤਾ, ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਦੇ ਪ੍ਰਧਾਨ ਮਧੂਸੂਦਨ ਬਵੇਜਾ ਐਡਵੋਕੇਟ ਸ਼ਾਮਲ ਸਨ। ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਨੇ ਡੀਆਰਓ ਚਾਂਦੀਰਾਮ ਨੂੰ ਮੰਗ ਪੱਤਰ ਸੌਂਪਿਆ ਅਤੇ ਸੂਬੇ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਉਪਰੋਕਤ ਮੰਗਾਂ ਨੂੰ ਪੂਰਾ ਕੀਤਾ ਜਾਵੇ। ਰੀਨਾ ਵਾਲਮੀਕੀ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਭਲਾਈ ਲਈ ਬਿਜਲੀ-ਪਾਣੀ ਦੇ ਬਿੱਲ ਮੁਆਫ ਕਰਨ਼।