ਪੱਤਰ ਪ੍ਰੇਰਕ
ਯਮੁਨਾਨਗਰ, 8 ਅਗਸਤ
ਇੱਥੋਂ ਦੇ ਮੁਕੰਦ ਲਾਲ ਪਬਲਿਕ ਸਕੂਲ ਵੱਲੋਂ ਮਿੱਡ ਸੈਸ਼ਨ ਵਿੱਚ ਨਵੀਂ ਵਰਦੀ ਲਈ ਫੁਰਮਾਨ ਜਾਰੀ ਕਰਨ ਕਰਕੇ ਮਾਪਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਸ ਤਹਿਤ ਅੱਜ ਮਾਤਾ-ਪਿਤਾ ਸੇਵਾ ਮੰਚ ਦੀ ਸਮੁੱਚੀ ਕਾਰਜਕਾਰਨੀ ਨੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਬਣਦੀ ਕਾਰਵਾਈ ਕਰਨ ਲਈ ਕਿਹਾ। ਇਸ ਮਗਰੋਂ ਡਿਪਟੀ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਾਵਾ ਮਾਤਾ ਪਿਤਾ ਸੇਵਾ ਮੰਚ ਵੱਲੋਂ ਡਿਪਟੀ ਕਮਿਸ਼ਨਰ ਨੂੰ 58 ਸਕੂਲਾਂ ਦੀ ਜਾਂਚ ਰਿਪੋਰਟ ਲਈ ਵਿਸ਼ੇਸ਼ ਤੌਰ ‘ਤੇ ਵੱਖਰਾ ਮੰਗ ਪੱਤਰ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੰਗ ਪੱਤਰ ਨੂੰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਪੰਚਕੂਲਾ ਨੂੰ ਭੇਜ ਕੇ ਅਜਿਹੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਮਹਿੰਦਰ ਮਿੱਤਲ, ਕਾਰਜਕਾਰੀ ਪ੍ਰਧਾਨ ਸੰਜੇ ਮਿੱਤਲ, ਵਿਪਨ ਗੁਪਤਾ, ਦੀਪਕ ਕਪੂਰ, ਸੁਨੀਲ ਵੈਦ, ਸੰਦੀਪ ਗਾਂਧੀ ਤੇ ਅਸ਼ੀਸ਼ ਜੈਨ ਆਦਿ ਹਾਜ਼ਰ ਸਨ।