ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 23 ਮਾਰਚ
ਭਾਰਤੀ ਫੂਡ ਸਪਲਾਈ ਨਿਗਮ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਜਾਰੀ ਕੀਤੇ ਗਏ ਨਵੇਂ ਨਿਰਦੇਸ਼ਾਂ ਖਿਲਾਫ ਭਾਕਿਯੂ ਨੇ ਬਾਬੈਨ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਭਾਕਿਯੂ ਨੇਤਾਵਾਂ ਦਾ ਕਹਿਣਾ ਹੈ ਕਿ ਭਾਰਤੀ ਖਾਦ ਨਿਗਮ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਗੇ। ਭਾਕਿਯੂ ਕਾਰਕੁਨਾਂ ਤੇ ਮੰਡੀ ਦੇ ਵਪਾਰੀਆਂ ਨੇ ਕਿਸਾਨ ਅਰਾਮ ਘਰ ਵਿਚ ਭਾਕਿਯੂ ਦੇ ਬਲਾਕ ਪ੍ਰਧਾਨ ਲਾਲ ਸਿੰਘ, ਸੁਖਵਿੰਦਰ ਭੁਖੜੀ ਤੇ ਮੰਡੀ ਪ੍ਰਧਾਨ ਲਾਭ ਸਿੰਘ ਤੇ ਨਾਇਬ ਸਿੰਘ ਪਟਾਕ ਮਾਜਰਾ ਦੀ ਅਗਵਾਈ ਵਿਚ ਬੈਠਕ ਕਰ ਕੇ ਕੇਂਦਰ ਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਭਾਰਤੀ ਖਾਦ ਨਿਗਮ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਰਦੇਸ਼ਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਬਾਬੈਨ ਦੇ ਨਾਇਬ ਤਹਿਸੀਲਦਾਰ ਰੁਪਿੰਦਰ ਸਿੰਘ ਤੇ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਕੇਂਦਰ ਸਰਕਾਰ ਦੇ ਨਾਂ ਮੈਮੋਰੰਡਮ ਸੌਂਪਿਆ। ਨਾਇਬ ਸਿੰਘ ਪਟਾਕ ਮਾਜਰਾ ਨੇ ਕਿਹਾ ਕਿ ਭਾਰਤੀ ਖਾਦ ਨਿਗਮ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਪਿਛਲੇ 50 ਸਾਲਾਂ ਤੋਂ ਜਾਰੀ ਮਾਪਦੰਡਾਂ ਨੂੰ ਬਦਲਣਾ ਕਿਸਾਨਾਂ ਨਾਲ ਘੋਰ ਅਨਿਆਂ ਹੈ। ਉਨ੍ਹਾਂ ਕਿਹਾ ਕਿ ਨਿਗਮ ਵਲੋਂ ਕਣਕ ਦਾ ਟੁਕੜਾ 4 ਪ੍ਰਤੀਸ਼ਤ ਤੋਂ ਘਟਾ ਕੇ 2 ਪ੍ਰਤੀਸ਼ਤ, ਨਮੀ ਦੀ ਦਰ 14 ਪ੍ਰਤੀਸ਼ਤ ਤੋਂ ਘਟਾ ਕੇ 12 ਪ੍ਰਤੀਸ਼ਤ ਤੇ ਹੋਰ ਮਿੱਟੀ ਆਦਿ 4 ਪ੍ਰਤੀਸ਼ਤ ਤੋਂ ਘਟਾ ਕੇ 0 ਪ੍ਰਤੀਸ਼ਤ ਕਰਨਾ ਕਿਸੇ ਤਰਾਂ ਵੀ ਤਰਕ ਸੰਗਤ ਨਹੀਂ ਹੈ। ਕਣਕ ਦੀ ਪੈਦਾਵਾਰ ਕਿੰਨੀ ਹੋਵੇਗੀ ਤੇ ਉਸ ਦਾ ਕੀ ਮਿਆਰ ਹੋਵੇਗਾ ਇਹ ਸਭ ਕਿਸਾਨ ਦੇ ਹੱਥ ਵੱਸ ਨਹੀਂ ਬਲਕਿ ਮੌਸਮ ’ਤੇ ਨਿਰਭਰ ਕਰਦਾ ਹੈ। ਸਰਕਾਰ ਵਲੋਂ ਕਿਸਾਨਾਂ ’ਤੇ ਤਰਾਂ ਤਰਾਂ ਦੇ ਗਲਤ ਆਦੇਸ਼ ਥੋਪਣਾ ਉਨ੍ਹਾਂ ਨੂੰ ਬਰਬਾਦ ਕਰਨ ਦੇ ਤੁਲ ਹੈ।