ਪੱਤਰ ਪ੍ਰੇਰਕ
ਏਲਨਾਬਾਦ, 27 ਮਈ
ਇੱਥੋਂ ਦੇ ਮੁੱਖ ਦੇਵੀ ਲਾਲ ਚੌਕ ਨੇੜੇ ਮੋਹਨ ਮਾਰਕੀਟ ਵਿੱਚ ਸਥਿਤ ਸ਼ਰਾਬ ਦੇ ਠੇਕੇ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਅੱਜ ਵਾਰਡ ਨੰਬਰ 4, 7, 8 ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਮੌਕੇ ਰਾਕੇਸ਼ ਸਰੀਆ, ਰਵੀ ਲੱਢਾ, ਅੰਜਨੀ ਲੱਢਾ, ਕੌਂਸਲਰ ਪਵਨ ਜਾਜੂ, ਕੌਂਸਲਰ ਰਾਜਵੰਤ ਕੌਰ, ਕੌਂਸਲਰ ਹੇਮਲਤਾ ਵਿਆਸ, ਕੌਂਸਲਰ ਰਜਨੀ ਦੇਵੀ, ਕੌਂਸਲਰ ਈਸ਼ਾ ਸਿੰਗਲਾ ਆਦਿ ਨੇ ਦੱਸਿਆ ਕਿ ਇਹ ਸ਼ਹਿਰ ਦਾ ਮੁੱਖ ਚੌਕ ਹੈ। ਇੱਥੇ ਸਥਿਤ ਸ਼ਰਾਬ ਦੇ ਠੇਕੇ ’ਤੇ ਸਾਰਾ ਦਿਨ ਸ਼ਰਾਬੀਆਂ ਦਾ ਇਕੱਠ ਰਹਿੰਦਾ ਹੈ। ਇਸ ਕਾਰਨ ਇੱਥੋਂ ਲੰਘਣ ਵਾਲੀਆਂ ਔਰਤਾਂ ਅਤੇ ਸਕੂਲ ਜਾਣ ਵਾਲੀਆਂ ਲੜਕੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਠੇਕੇਦਾਰ ਨੂੰ ਕਈ ਵਾਰ ਸਮਝਾ ਚੁੱਕੇ ਹਨ ਅਤੇ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਲੋਕਾਂ ਨੇ ਵੱਡਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ।