ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 27 ਅਕਤੂਬਰ
ਹਰਿਆਣਾ ਦੇ ਬੱਲਭਗੜ੍ਹ ਸ਼ਹਿਰ ਦੇ ਅਗਰਵਾਲ ਕਾਲਜ ਦੀ ਬੀਕਾਮ ਆਨਰਜ਼ ਦੀ ਵਿਦਿਆਰਥਣ ਨਿਕਿਤਾ ਤੋਮਰ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਕੇਸ ’ਚ ਲੋਕਾਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਸੀ। ਲੋਕਾਂ ਨੇ ਗੋਂਛੀ-ਸੁਹਾਨਾ ਸੜਕ ’ਤੇ ਜਾਮ ਲਾ ਕੇ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਪੀੜਤ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਫਰੀਦਾਬਾਦ ਪੁਲੀਸ ਨੂੰ ਹੁਕਮ ਜਾਰੀ ਕਰ ਦਿੱਤੇ ਹਨ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਵੀ ਦਿੱਤੇ ਹਨ। ਵਿਦਿਆਰਥਣ ਨਿਕਿਤਾ ਤੋਮਰ ਦੇ ਸੋਮਵਾਰ ਨੂੰ ਹੋਏ ਕਤਲ ’ਤੇ ਪ੍ਰਦਰਸ਼ਨਕਾਰੀ ਦੋਸ਼ੀਆਂ ਲਈ ਸਜ਼ਾ ਦਾ ਮੰਗ ਕਰ ਰਹੇ ਸਨ। ਜਾਣਕਾਰੀ ਅਨੁਸਾਰ ਪੁਲੀਸ ਕਤਲ ’ਚ ਨਾਮਜ਼ਦ ਦੋਨਾਂ ਮੁਲਾਜ਼ਮਾਂ ਤੌਫੀਕ ਤੇ ਰੋਹਾਨ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਮਾਮਲੇ ’ਚ ਮੁੱਖ ਦੋਸ਼ੀ ਦੇ ਰਾਜਸੀ ਰਸੂਖ ਦਾ ਪੱਖ ਵੀ ਸਾਹਮਣੇ ਆਇਆ ਹੈ। ਲੋਕਾਂ ਦੇ ਪ੍ਰਦਰਸ਼ਨ ਦੇ ਚੱਲਦੇ ਪੁਲੀਸ ਅਧਿਕਾਰੀ ਮੌੌਕੇ ’ਤੇ ਪੁੱਜੇ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਕਾਰਵਾਈ ’ਚ ਵੀ ਖਾਮੀਆਂ ਕੱਢੀਆਂ ਹਨ। ਲੋਕਾਂ ਨੇ ਪੁਲੀਸ ਤੇ ਹਰਿਆਣਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਤੇ ਕਾਨੂੰਨ ਵਿਵਸਥਾ ਉਪਰ ਸਵਾਲ ਖੜ੍ਹੇ ਕੀਤੇ। ਬੀਤੇ ਦਿਨ ਦੋ ਨੌਜਵਾਨਾਂ ਨੇ ਚਿੱਟੀ ਕਾਰ ਵਿੱਚ ਪਹਿਲਾਂ ਲੜਕੀ ਅਗਵਾ ਕਰਨ ਨਾਕਾਮ ਕੋਸ਼ਿਸ਼ ਕੀਤੀ ਤੇ ਫਿਰ ਇਕ ਨੌਜਵਾਨ ਨੇ ਗੋਲੀ ਮਾਰ ਦਿੱਤੀ ਸੀ। ਪੁਲੀਸ ਵੱਲੋਂ ਸੀਸੀਟੀਵੀ ਫੁਟੇਜ਼ ਦੇ ਆਧਾਰ ’ਤੇ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਸੀ। ਇਸੇ ਦੌਰਾਨ ‘ਆਪ’ ਸੰਸਦ ਮੈਂਬਰ ਤੇ ਹਰਿਆਣਾ ਦੇ ਸਹਿ-ਸਹਿਯੋਗੀ ਸੁਸ਼ੀਲ ਗੁਪਤਾ ਨੇ ਬੱਲਭਗੜ੍ਹ ’ਚ ਦਿਨ ਦਿਹਾੜੇ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਅਮਨ-ਕਾਨੂੰਨ ਦੇ ਨਾਮ ’ਤੇ ਕੁਝ ਨਹੀਂ ਹੈ। ਸੰਸਦ ਮੈਂਬਰ ਨੇ ਕਿਹਾ ਕਿ ਅਗਰਵਾਲ ਕਾਲਜ ਨੇੜੇ ਇਹ ਹਾਦਸਾ ਪਹਿਲੀ ਵਾਰ ਨਹੀਂ ਹੋਇਆ ਹੈ। ਬਲਕਿ ਇਸ ਤੋਂ ਪਹਿਲਾਂ ਵੀ ਅਜਿਹੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਇਸ ਦੇ ਬਾਵਜੂਦ ਪੁਲੀਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜੇ ਉੱਥੇ ਪੁਲੀਸ ਪੀਸੀਆਰ ਹੁੰਦੀ ਤਾਂ ਇਹ ਹਾਦਸਾ ਨਾ ਵਾਪਰਦਾ।
ਵਿਸ਼ੇਸ਼ ਜਾਂਚ ਟੀਮ ਬਣਾਈ
ਇਸੇ ਦੌਰਾਨ ਪੁਲੀਸ ਨੇ ਕਥਿਤ ਹਮਲਾਵਰ ਤੌਫੀਕ ਤੇ ਸਾਥੀ ਦੋਸਤ ਰੋਹਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ ਗਈ ਹੈ। ਤੌਸੀਫ਼ ਸੋਹਨਾ (ਗੁਰੂਗਰਾਮ) ਦੇ ਕਬੀਰ ਨਗਰ ਦਾ ਰਹਿਣ ਵਾਲਾ ਹੈ। ਕਥਿਤ ਹਮਲਾਵਰ ਦਾ ਦੋਸਤ ਰੇਹਾਨ ਨੂੰ ਰੀਵਾਸਨ ਮੇਵਾਤ ਤੋਂ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਵੱਲੋਂ 10 ਟੀਮਾਂ ਬਣਾਈਆਂ ਗਈਆਂ ਤੇ 5 ਘੰਟੇ ਦੀ ਮੁਸ਼ੱਕਤ ਮਗਰੋਂ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।